ਲੁਧਿਆਣਾ (ਟੀਵੀ ਪੰਜਾਬ ਬਿਊਰੋ) : ਘੋਰ ਕਲਯੁੱਗ ਦੇ ਅੰਦਰ ਪੈਸਿਆਂ ਦੀ ਖਾਤਰ ਆਪਣੇ ਜਾਨ ਤੋਂ ਪਿਆਰੇ ਰਿਸ਼ਤਿਆਂ ਦਾ ਕਤਲ ਕਰਨ ਤੋਂ ਵੀ ਲੋਕ ਗੁਰੇਜ਼ ਨਹੀਂ ਕਰ ਰਹੇ । ਥਾਣਾ ਲਾਡੋਵਾਲ ਪੁਲਿਸ ਨੇ 9 ਸਾਲਾਂ ਦੀ ਭਾਰਤੀ ਦੇ ਕਤਲ ਕੇਸ ਵਿਚ ਜਦ ਉਸ ਦੀ ਸਕੀ ਮਾਂ ਅਤੇ ਮਤਰੇਏ ਪਿਓ ਕੋਲੋਂ ਪੁੱਛਗਿੱਛ ਕੀਤੀ ਤਾਂ ਹੈਰਾਨੀਜਨਕ ਤੱਥ ਸਾਹਮਣੇ ਆਏ । ਇਨ੍ਹਾਂ ਦੋਹਾਂ ਨੇ ਬੀਮੇ ਦੀ ਰਕਮ ਦੇ ਸਿਰਫ 90 ਹਜ਼ਾਰ ਰੁਪਏ ਲੈਣ ਲਈ ਮਾਸੂਮ ਭਾਰਤੀ ਦਾ ਗਲ਼ ਚੁੰਨੀ ਨਾਲ ਘੁੱਟ ਕੇ ਉਸਦੀ ਹੱਤਿਆ ਕੀਤੀ ਸੀ ।
ਬੱਚੀ ਦੀ ਮੌਤ ਤੋਂ ਬਾਅਦ ਜਦ ਪੁਲਿਸ ਨੇ ਲਾਸ਼ ਦਾ ਪੋਸਟ ਮਾਰਟਮ ਕਰਵਾਇਆ ਤਾਂ ਰਿਪੋਰਟ ਵਿੱਚ ਮੌਤ ਦਾ ਕਾਰਨ ਸਾਹ ਘੁੱਟਣਾ ਦੱਸਿਆ ਗਿਆ ਸੀ । ਸ਼ੁਰੂਆਤ ਵਿੱਚ ਭਾਰਤੀ ਦੀ ਮਾਂ ਪਿੰਕੀ ਅਤੇ ਮਤਰੇਆ ਪਿਓ ਨਰਿੰਦਰਪਾਲ ਲੜਕੀ ਦੀ ਮੌਤ ‘ਤੇ ਸ਼ੋਕ ਕਰਨ ਦਾ ਡਰਾਮਾ ਕਰਦੇ ਰਹੇ ,ਪਰ ਜਦ ਪੁਲਿਸ ਨੇ ਦੋਵਾਂ ਨੂੰ ਹਿਰਾਸਤ ਵਿੱਚ ਲਿਆ ਤਾਂ ਮੁਲਜ਼ਮਾਂ ਨੇ ਆਪਣਾ ਜੁਰਮ ਕਬੂਲ ਲਿਆ ।
ਭਾਰਤੀ ਦਾ 90 ਹਜ਼ਾਰ ਦਾ ਕਰਵਾਇਆ ਸੀ ਜੀਵਨ ਬੀਮਾ
ਜਾਣਕਾਰੀ ਮੁਤਾਬਕ ਪਿੰਕੀ ਦੇ ਪਹਿਲੇ ਪਤੀ ਦੀ ਮੌਤ ਹੋ ਚੁੱਕੀ ਹੈ । ਕੁਝ ਸਮਾਂ ਪਹਿਲਾਂ ਉਸ ਨੇ ਮੁੱਲਾਂਪੁਰ ਰੋਡ ਹੰਬੜਾਂ ਦੇ ਰਹਿਣ ਵਾਲੇ ਨਰਿੰਦਰਪਾਲ ਨਾਲ ਵਿਆਹ ਕਰਵਾ ਲਿਆ । ਪਹਿਲੇ ਪਤੀ ਚੋਂ ਉਸ ਦੀ ਬੇਟੀ ਭਾਰਤੀ ਵੀ ਉਸਦੇ ਨਾਲ ਰਹਿ ਰਹੀ ਸੀ । ਨਰਿੰਦਰ ਭਾਰਤੀ ਨੂੰ ਚੰਗਾ ਨਹੀਂ ਸੀ ਸਮਝਦਾ । ਉਹ ਬੱਚੀ ਨਾਲ ਜ਼ੁਲਮ ਕਰਦਾ ਸੀ । ਕੁਝ ਸਮਾਂ ਪਹਿਲਾਂ ਉਸ ਨੇ ਭਾਰਤੀ ਨੂੰ ਆਪਣੇ ਸਾਲੇ ਨੂੰ ਦੇ ਦਿੱਤਾ ਪਰ ਲੜਕੀ ਦਾ ਉੱਥੇ ਮਨ ਨਾ ਲੱਗਿਆ । ਸਾਜ਼ਿਸ਼ ਦੇ ਤਹਿਤ ਮੁਲਜ਼ਮਾਂ ਨੇ ਲੜਕੀ ਦੀ ਜੀਵਨ ਬੀਮਾ ਪਾਲਿਸੀ ਕਰਵਾ ਦਿੱਤੀ । ਇਸੇ ਦੌਰਾਨ ਮੁਲਜ਼ਮਾਂ ਨੇ ਪਿੰਡ ਭੂਖੜੀ ਕਲਾਂ ਵਿੱਚ ਤਿੰਨ ਲੱਖ ਰੁਪਏ ਦੇ ਕੇ ਇੱਕ ਪਲਾਟ ਖ਼ਰੀਦ ਲਿਆ । ਮੁਲਜ਼ਮਾਂ ਕੋਲੋਂ ਪਲਾਟ ਦੀਆਂ ਬਾਕੀ ਕਿਸ਼ਤਾਂ ਨਹੀਂ ਦਿੱਤੀਆਂ ਜਾ ਰਹੀਆਂ ਸਨ। ਜੀਵਨ ਬੀਮਾ ਦੀ ਪਾਲਿਸੀ ਹਾਸਲ ਕਰਨ ਲਈ ਦੋਵਾਂ ਨੇ ਆਪਸ ਵਿੱਚ ਸਾਜ਼ਿਸ਼ ਕਰ ਕੇ ਭਾਰਤੀ ਦਾ ਗਲ਼ ਚੁੰਨੀ ਨਾਲ ਘੁੱਟ ਦਿੱਤਾ ।