ਦਿੱਲੀ ਦੇ ਵਪਾਰੀਆਂ ਦੀ ਦਿਨ-ਦਿਹਾੜੇ ਲੁੱਟ, ਲੁਟੇਰਿਆਂ ਨੇ ਗੱਡੀ ਘੇਰ ਕੇ ਚਲਾਈ ਗੋਲ਼ੀ, 50 ਹਜ਼ਾਰ ਲੁੱਟ ਕੇ ਹੋਏ ਫਰਾਰ

FacebookTwitterWhatsAppCopy Link

ਫਿਰੋਜ਼ਪੁਰ- ਫਿਰੋਜ਼ਪੁਰ-ਫਾਜ਼ਿਲਕਾ ਦੇ ਪਿੰਡ ਲਾਲਚੀਆਂ ਦੇ ਕੋਲ ਵੱਡੀ ਘਟਨਾ ਵਾਪਰੀ। ਇੱਥੇ ਇਕ ਕਾਰ ਸਵਾਰ ਨੂੰ ਲੁਟੇਰਿਆਂ ਨੇ ਰੋਕ ਕੇ ਪਿਸਤੌਲ ਨਾਲ ਫਾਇਰ ਕਰਕੇ ਕਾਰ ਦਾ ਸ਼ੀਸ਼ਾ ਤੋੜ ਦਿੱਤਾ ਅਤੇ 50 ਹਜ਼ਾਰ ਰੁਪਏ ਲੁੱਟ ਕੇ ਫਰਾਰ ਹੋ ਗਏ। ਇਸ ਘਟਨਾ ਤੋਂ ਬਾਅਦ ਥਾਣਾ ਲੱਖੋਕੇ ਬਹਿਰਾਮ ਦੀ ਪੁਲਿਸ ਨੇ ਚਾਰ ਅਣਪਛਾਤੇ ਲੁਟੇਰਿਆਂ ਖਿਲਾਫ ਆਈਪੀਸੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੇ ਬਿਆਨ ਵਿਚ ਵਿਨੋਦ ਗੋਇਲ ਪੁੱਤਰ ਮੋਹਨ ਲਾਲ ਗੋਇਲ ਵਾਸੀ ਐੱਨਐੱਸ 21 ਫਸਟ ਫਲੋਰ ਮੀਆਂ ਵਾਲੀ ਨਗਰ ਨਿਊ ਦਿੱਲੀ ਨੇ ਦੱਸਿਆ ਕਿ ਉਹ ਆਪਣੇ ਪੁੱਤਰ ਸ਼ੁਭਮ ਗੋਇਲ ਅਤੇ ਡਰਾਈਵਰ ਹਤਿੰਦਰ ਕੁਮਾਰ ਪੁੱਤਰ ਵੀਰਪਾਲ ਸਿੰਘ ਵਾਸੀ ਸ਼ਿਵ ਪਾਰਕ ਪਿੰਡ ਨਾਗਲੋਈ ਨਵੀਂ ਦਿੱਲੀ ਨਾਲ ਆਪਣੀ ਕਾਰ ‘ਤੇ ਅਬੋਹਰ, ਫਾਜ਼ਿਲਕਾ ਤੋਂ ਹੁੰਦੇ ਹੋਏ ਜਲਾਲਾਬਾਦ ਤੋਂ ਫਿਰੋਜ਼ਪੁਰ ਜਾ ਰਹੇ ਸਨ।

ਜਦ ਉਹ ਪਿੰਡ ਲਾਲਚੀਆਂ ਕੋਲ ਪਹੁੰਚੇ ਤਾਂ ਸਾਹਮਣੇ ਤੋਂ ਇਕ ਕਾਰ ਜਿਸ ਦਾ ਨੰਬਰ ਨਾ ਪੜ੍ਹਨਯੋਗ ਸੀ, ਉਨ੍ਹਾਂ ਦੀ ਕਾਰ ਦੇ ਅੱਗੇੋਂ ਯੂ ਟਰਨ ਲੈਣ ਲੱਗੀ ਤਾਂ ਉਸ ਦੇ ਡਰਾਈਵਰ ਨੇ ਕਾਰ ਹੌਲੀ ਕਰ ਲਈ ਤਾਂ 2 ਮੋਟਰਸਾਈਕਲਾਂ ਤੇ ਚਾਰ ਲੋਕ ਸਵਾਰ ਸਨ ਜਿਨ੍ਹਾਂ ਨੇ ਉਸ ਦੀ ਕਾਰ ਪਿੱਛੇ ਮੋਟਰਸਾਈਕਲ ਖੜ੍ਹੇ ਕਰ ਦਿੱਤੇ। ਉਨ੍ਹਾਂ ਵਿਚੋਂ ਇਕ ਨੇ ਕ੍ਰਿਪਾਨ ਨਾਲ ਕਾਰ ਦਾ ਸ਼ੀਸ਼ਾ ਤੋੜਨ ਦੀ ਕੋਸ਼ਿਸ਼ ਕੀਤੀ ਤੇ ਇਕ ਨੇ ਪਿਸਤੌਲ ਦਾ ਫਾਇਰ ਕਰਕੇ ਕਾਰ ਦੀ ਅਗਲੀ ਬਾਰੀ ਦਾ ਸ਼ੀਸ਼ਾ ਤੋੜ ਦਿੱਤਾ ਤੇ ਕਿਹਾ ਕਿ ਜੋ ਕੁਝ ਤੁਹਾਡੇ ਕੋਲ ਹੈ ਦੇ ਦਿਓ ਤਾਂ ਉਹ ਡਰਦੇ ਮਾਰੇ ਆਪਣੇ ਪਾਸ ਮੌਜੂਦ ਬੈਗ ਜਿਸ ਵਿਚ 50 ਹਜ਼ਾਰ ਰੁਪਏ ਤੇ ਹੋਰ ਜ਼ਰੂਰੀ ਕਾਗਜ਼ਾਤ ਸਨ, ਉਸ ਨੂੰ ਦੇ ਦਿੱਤੇ ਤੇ ਲੁਟੇਰੇ ਬੈਗ ਲੈ ਕੇ ਮੌਕੇ ਤੋਂ ਫਰਾਰ ਹੋ ਗਏ।

ਇਸ ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਸ਼ਿਕਾਇਤਕਰਤਾ ਦੇ ਬਿਆਨ ‘ਤੇ ਉਕਤ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਅਤੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਟੀਵੀ ਪੰਜਾਬ ਬਿਊਰੋ