ਜਲੰਧਰ : ਕੈਨੇਡਾ ਦੇ ਸ਼ਹਿਰ ਵੈਨਕੂਵਰ ‘ਚ ਇਤਿਹਾਸਕ ਕਾਮਾਗਾਟਾਮਾਰੂ ਘਟਨਾ ਦੀ ਯਾਦ ਵਿਚ ਬਣੀ ਯਾਦਗਾਰ ਨਾਲ ਛੇੜਛਾੜ ਕਰਨ ਅਤੇ ਉਥੇ ਲੱਗੇ ਕਾਮਾਗਾਟਾ ਮਾਰੂ ਮੁਸਾਫ਼ਰਾਂ ਦੇ ਲਿਖੇ ਨਾਂਵਾਂ ਉਪਰ ਸਫ਼ੈਦੀ ਫੇਰਨ ਦੀ ਘਟਨਾ ਦੀ ਦੇਸ਼ ਭਗਤ ਯਾਦਗਾਰ ਕਮੇਟੀ ਨੇ ਸਖ਼ਤ ਨਿੰਦਾ ਕੀਤੀ ਹੈ ਅਤੇ ਕਿਹਾ ਕਿ ਇਸ ਘਟਨਾ ਨਾਲ ਇਕੱਲੇ ਭਾਰਤ ਵਾਸੀਆਂ ਦਾ ਹੀ ਨਹੀਂ ਸਗੋਂ ਸੰਸਾਰ ਭਰ ਦੇ ਨਸਲਵਾਦ ਵਿਰੁੱਧ ਆਵਾਜ਼ ਉਠਾ ਰਹੇ ਲੋਕਾਂ ਦੇ ਮਨਾਂ ਨੂੰ ਵੀ ਠੇਸ ਪਹੁੰਚੀ ਹੈ।
ਅੱਜ ਦੇਸ਼ ਭਗਤ ਯਾਦਗਾਰ ਹਾਲ ਵਿਚ ਹੋਈ ਹੰਗਾਮੀ ਮੀਟਿੰਗ ਵਿਚ ਇਸ ਘਟਨਾ ਦੀ ਕਰੜੀ ਨਿੰਦਾ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਗੁਰਮੀਤ ਸਿੰਘ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਆਖਿਆ ਕਿ ਇਸ ਮੰਦਭਾਗੀ ਘਟਨਾ ਤੋਂ ਸਬਕ ਲੈਂਦਿਆਂ ਕੈਨੇਡੀਅਨ ਸਰਕਾਰ ਤੇ ਸਥਾਨਕ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਹ ਅਜਿਹੀਆਂ ਘਟਨਾਵਾਂ ਰੋਕਣ ਲਈ ਸਖ਼ਤ ਕਦਮ ਚੁੱਕੇ ਅਤੇ ਇਸ ਘਟਨਾ ਲਈ ਜ਼ਿੰਮੇਵਾਰ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾਣ।
ਉਨ੍ਹਾਂ ਦੱਸਿਆ ਕਿ ਕਾਮਾਗਾਟਾ ਮਾਰੂ ਕੋਈ ਸਧਾਰਨ ਘਟਨਾ ਨਹੀਂ ਸੀ। ਜਿਥੇ ਇਸ ਨੇ ਸਾਮਰਾਜ ਵਿਰੁੱਧ ਕੌਮਾਂਤਰੀ ਪੱਧਰ ‘ਤੇ ਜੰਗ ਵਿਚ ਅਹਿਮ ਰੋਲ ਅਦਾ ਕੀਤਾ, ਉਥੇ ਇਸ ਨੇ ਵਿਸ਼ਵ ਭਰ ਵਿਚ ਨਸਲੀ ਵਿਤਕਰੇ ਵਿਰੁੱਧ ਵੀ ਆਵਾਜ਼ ਬੁਲੰਦ ਕੀਤੀ ਸੀ ਅਤੇ ਕਾਮਾਗਾਟਾ ਮਾਰੂ ਮੁਸਾਫ਼ਰਾਂ ਨੇ ਇਸ ਵਿਚ ਆਪਣੀਆਂ ਕੁਰਬਾਨੀਆਂ ਵੀ ਦਿੱਤੀਆਂ ਸਨ।
ਟੀਵੀ ਪੰਜਾਬ ਬਿਊਰੋ