DGP ਦੀ ਜਨਤਾ ਨੂੰ ਤਿਓਹਾਰਾਂ ਦੇ ਸੀਜ਼ਨ ਦੌਰਾਨ ਕੀਤੀ ਖ਼ਾਸ ਅਪੀਲ

FacebookTwitterWhatsAppCopy Link

ਪੰਜਾਬ ਦੇ ਡੀ. ਜੀ. ਪੀ. ਦਿਨਕਰ ਗੁਪਤਾ ਨੇ ਸਾਰੇ ਸੀ.ਪੀਜ਼/ਐੱਸ. ਐੱਸ. ਪੀਜ਼ ਨੂੰ ਸੂਬੇ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਯਕੀਨੀ ਬਣਾਉਣ ਲਈ ਰੋਕਥਾਮ, ਅਹਿਤਿਆਤ ਅਤੇ ਸੁਰੱਖਿਆ ਦੇ ਲਿਹਾਜ਼ ਤੋਂ ਸਾਰੇ ਢੁੱਕਵੇਂ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ। ਡੀ. ਜੀ. ਪੀ. ਦਿਨਕਰ ਗੁਪਤਾ ਨੇ ਪੰਜਾਬ ਆਰਮਡ ਪੁਲਸ (ਪੀ. ਏ. ਪੀ.) ਕੈਂਪਸ ਵਿਚ ਸੂਬਾ ਪੱਧਰੀ ਅਪਰਾਧ ਸਮੀਖਿਆ ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਾਲਾਂਕਿ ਜ਼ਿਆਦਾਤਰ ਪੁਲਸ ਮੁਖੀਆਂ ਵੱਲੋਂ ਆਪਣੇ ਸਬੰਧਿਤ ਜ਼ਿਲ੍ਹਿਆਂ ਵਿਚ ਬਹੁਤ ਵਧੀਆ ਕੰਮ ਕੀਤਾ ਜਾ ਰਿਹਾ ਹੈ, ਪਰ ਇੰਟੈਲੀਜੈਂਟ ਅਤੇ ਸਮਾਰਟ ਪੁਲਸਿੰਗ ਜਿਸ ਵਿਚ ਤਕਨਾਲੋਜੀ ਅਤੇ ਟਰੇਡ ਕ੍ਰਾਫ਼ਟ ਦੀ ਵਰਤੋਂ ਸ਼ਾਮਲ ਹੈ, ਨੂੰ ਜ਼ਮੀਨੀ ਪੱਧਰ ’ਤੇ ਲਾਗੂ ਕਰਨ ਦੀ ਲੋੜ ਹੈ। ਇਹ ਮੀਟਿੰਗ ਹਾਲ ਹੀ ਵਿਚ ਰਾਜ ਵਿਚ ਗ੍ਰੇਨੇਡ ਅਤੇ ਆਰ. ਡੀ. ਐਕਸ. ਨਾਲ ਲੈਸ ਟਿਫ਼ਨ ਬਾਕਸ ਮਿਲਣ ਤੋਂ ਇਲਾਵਾ ਹੋਰ ਹਥਿਆਰਾਂ ਅਤੇ ਗੋਲਾ-ਬਾਰੂਦ ਦੀ ਬਰਾਮਦਗੀ, ਜਿਸ ਤੋਂ ਸਰਹੱਦੀ ਸੂਬੇ ਵਿਚ ਸ਼ਾਂਤੀ ਅਤੇ ਫਿਰਕੂ ਸਦਭਾਵਨਾ ਨੂੰ ਭੰਗ ਕਰਨ ਲਈ ਦੇਸ਼ ਵਿਰੋਧੀ ਅਨਸਰਾਂ ਵਲੋਂ ਕੀਤੀਆਂ ਜਾ ਰਹੀਆਂ ਵੱਡੀਆਂ ਕੋਸ਼ਿਸ਼ਾਂ ਦਾ ਸੰਕੇਤ ਮਿਲਦਾ ਹੈ, ਦੇ ਮੱਦੇਨਜ਼ਰ C ਗਈ।

ਮੀਟਿੰਗ ਵਿਚ ਰੇਲਵੇ ਦੇ ਵਿਸ਼ੇਸ਼ ਡੀ. ਜੀ. ਪੀ. ਸੰਜੀਵ ਕਾਲੜਾ, ਏ. ਡੀ. ਜੀ. ਪੀ. ਅੰਦਰੂਨੀ ਸੁਰੱਖਿਆ ਆਰ. ਐੱਨ. ਢੋਕੇ ਅਤੇ ਏ. ਡੀ. ਜੀ. ਪੀ. ਇੰਟੈਲੀਜੈਂਸ ਵਰਿੰਦਰ ਕੁਮਾਰ ਅਤੇ ਹੋਰ ਸੀਨੀਅਰ ਅਧਿਕਾਰੀ ਸ਼ਾਮਲ ਸਨ। ਡੀ. ਜੀ. ਪੀ. ਨੇ ਅਧਿਕਾਰੀਆਂ ਨੂੰ ਸਪੱਸ਼ਟ ਨਿਰਦੇਸ਼ ਦਿੱਤੇ ਕਿ ਕਿਸੇ ਨੂੰ ਵੀ ਕਾਨੂੰਨ ਹੱਥ ਵਿਚ ਲੈਣ ਦੀ ਮਨਜ਼ੂਰੀ ਨਾ ਦਿੱਤੀ ਜਾਵੇ ਅਤੇ ਜੇਕਰ ਕੋਈ ਵੀ ਵਿਅਕਤੀ ਹਿੰਸਕ ਗਤੀਵਿਧੀਆਂ ਵਿਚ ਸ਼ਾਮਲ ਪਾਇਆ ਜਾਂਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕਰਦਿਆਂ ਤੁਰੰਤ ਫ਼ੌਜਦਾਰੀ ਕੇਸ ਦਰਜ ਕੀਤੇ ਜਾਣ। ਉਨ੍ਹਾਂ ਨੇ ਰਾਜ ਵਿਚ ਕਾਨੂੰਨ ਵਿਵਸਥਾ ਨੂੰ ਖ਼ਰਾਬ ਕਰਨ ਦੀ ਕੋਸ਼ਿਸ਼ ਕਰ ਰਹੇ ਵਿਅਕਤੀਆਂ ਅਤੇ ਸ਼ਰਾਰਤੀ ਅਨਸਰਾਂ ਨੂੰ ਵੀ ਚਿਤਾਵਨੀ ਦਿੱਤੀ ਕਿ ਜੇਕਰ ਉਹ ਕਿਸੇ ਅਪਰਾਧਿਕ ਜਾਂ ਹਿੰਸਕ ਗਤੀਵਿਧੀਆਂ ਵਿਚ ਸ਼ਾਮਲ ਪਾਏ ਜਾਂਦੇ ਹਨ ਤਾਂ ਪੁਲਸ ਕਲੀਅਰੈਂਸ ਸਰਟੀਫਿਕੇਟ ਜਾਂ ਪਾਸਪੋਰਟ ਤਸਦੀਕ ਅਤੇ ਹੋਰ ਵਿਅਕਤੀਗਤ ਜਾਂਚ ਕਾਰਵਾਈਆਂ ਸਮੇਂ ਉਨ੍ਹਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।