ਲੁਧਿਆਣਾ : ਪੀ.ਏ.ਯੂ. ਵਿਚ ਜੁਆਲੋਜੀ ਵਿਭਾਗ ਦੇ ਮਾਹਿਰ ਡਾ. ਦਵਿੰਦਰ ਦਿਲਰੂਪ ਦੀ ਗਜ਼ਲਾਂ ਦੀ ਕਿਤਾਬ ’ਸਰਸਰਾਹਟ’ ਅੱਜ ਸਥਾਨਕ ਪਾਮੇਟੀ ਆਡੀਟੋਰੀਅਮ ਵਿਚ ਜਾਰੀ ਕੀਤੀ ਗਈ।
ਯੰਗ ਰਾਈਟਰਜ਼ ਐਸੋਸੀਏਸ਼ਨ ਵੱਲੋਂ ਕਰਵਾਏ ਇਸ ਸਮਾਗਮ ਵਿਚ ਪਦਮਸ਼੍ਰੀ ਡਾ. ਸੁਰਜੀਤ ਪਾਤਰ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਪਾਮੇਟੀ ਦੇ ਨਿਰਦੇਸ਼ਕ ਡਾ. ਐਚ ਐਸ ਧਾਲੀਵਾਲ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਸਨ।
ਡਾ. ਸੁਰਜੀਤ ਪਾਤਰ ਨੇ ਇਸ ਕਿਤਾਬ ਨੂੰ ਭਾਵਨਾਵਾਂ ਦਾ ਬੇਰੋਕ ਪ੍ਰਗਟਾਵਾ ਕਰਨ ਵਾਲੀਆਂ ਗਜ਼ਲਾਂ ਦਾ ਗੁਲਦਸਤਾ ਕਿਹਾ। ਉਹਨਾਂ ਕਿਹਾ ਕਿ ਡਾ. ਦਵਿੰਦਰ ਦਿਲਰੂਪ ਵਿਗਿਆਨੀ ਹੋਣ ਦੇ ਨਾਲ-ਨਾਲ ਮਿਹਨਤੀ ਕਵੀ ਵੀ ਹਨ।
ਇਹੀ ਗੱਲ ਉਹਨਾਂ ਦੀ ਕਵਿਤਾ ਨੂੰ ਵਿਲੱਖਣ ਬਣਾਉਦੀ ਹੈ। ਡਾ. ਐਚ ਐਸ ਧਾਲੀਵਾਲ ਨੇ ਡਾ. ਦਿਲਰੂਪ ਦੀਆਂ ਗਜ਼ਲਾਂ ਨੂੰ ਮਨੁੱਖੀ ਸੰਵੇਦਨਾ ਨਾਲ ਭਰਪੂਰ ਅਤੇ ਸ਼ਿੱਦਤ ਵਾਲੀਆਂ ਕਿਹਾ।
ਨਿਰਦੇਸ਼ਕ ਵਿਦਿਆਰਥੀ ਭਲਾਈ ਡਾ. ਰਵਿੰਦਰ ਕੌਰ ਧਾਲੀਵਾਲ ਨੇ ਕਿਹਾ ਕਿ ਡਾ. ਦਿਲਰੂਪ ਪੀ.ਏ.ਯੂ. ਦੀ ਸਾਹਿਤਕ ਵਿਰਾਸਤ ਦਾ ਅਗਲਾ ਪੜਾਅ ਹਨ । ਇਸ ਮੌਕੇ ਡਾ. ਦਵਿੰਦਰ ਦਿਲਰੂਪ ਨੇ ਸਮਾਗਮ ਵਿਚ ਸ਼ਾਮਿਲ ਹੋਣ ਵਾਲੇ ਵਿਦਿਆਰਥੀਆਂ ਅਤੇ ਵਿਦਵਾਨਾਂ ਦਾ ਧੰਨਵਾਦ ਕੀਤਾ।
ਟੀਵੀ ਪੰਜਾਬ ਬਿਊਰੋ