ਪੰਜਾਬ ਵਿਚ ਸਸਤੀ ਹੋਈ ਬਿਜਲੀ, ਹੁਣ ਇਸ ਰੇਟ ਪਵੇਗੀ ਤੁਹਾਨੂੰ ਇਕ ਯੂਨਿਟ

FacebookTwitterWhatsAppCopy Link

ਟੀਵੀ ਪੰਜਾਬ ਬਿਊਰੋ-ਪੰਜਾਬ ਵਿਚ ਘਰੇਲੂ ਬਿਜਲੀ ਖਪਤਕਾਰਾਂ ਨੂੰ ਰਾਹਤ ਦਿੰਦਿਆਂ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਨੇ ਬਿਜਲੀ ਦਰਾਂ ਵਿਚ 50 ਪੈਸੇ ਤੋਂ ਲੈ ਕੇ ਇਕ ਰੁਪਏ ਪ੍ਰਤੀ ਯੂਨਿਟ ਤੱਕ ਦੀ ਕਟੌਤੀ ਕੀਤੀ ਹੈ। ਜਾਰੀ ਕੀਤੇ ਗਏ ਹੁਕਮਾਂ ਵਿਚ ਦੱਸਿਆ ਗਿਆ 2 ਕਿਲੋ ਵਾਟ ਤੱਕ ਲੋਡ ਵਾਲੇ ਘਰੇਲੂ ਖਪਤਕਾਰਾਂ ਲਈ ਪਹਿਲੇ 100 ਯੂਨਿਟ ਵਾਸਤੇ ਬਿਜਲੀ ਦਰਾਂ ਇਕ ਰੁਪਏ ਅਤੇ 101 ਤੋਂ ਲੈ ਕੇ 300 ਯੂਨਿਟ ਤੱਕ 50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਗਈ ਹੈ। ਇਸੇ ਤਰੀਕੇ 2 ਕਿਲੋ ਤੋਂ ਲੈ ਕੇ 7 ਕਿਲੋ ਵਾਟ ਦੇ ਖਪਤਕਾਰਾਂ ਲਈ ਪਹਿਲੇ 100 ਯੂਨਿਟ ਲਈ 75 ਪੈਸੇ ਤੇ ਫਿਰ 101 ਤੋਂ 300 ਯੂਨਿਟ ਤੱਕ 50 ਪੈਸੇ ਪ੍ਰਤੀ ਯੂਨਿਟ ਬਿਜਲੀ ਸਸਤੀ ਕੀਤੀ ਗਈ ਹੈ। ਇਹ ਦੱਸਿਆ ਗਿਆ ਕਿ ਇਸ ਤਰੀਕੇ ਖਪਤਕਾਰਾਂ ਨੂੰ 682 ਕਰੋੜ ਰੁਪਏ ਦਾ ਲਾਭ ਮਿਲੇਗਾ।

ਇਸ ਦੇ ਉਲਟ ਖੇਤੀਬਾੜੀ ਖ਼ੇਤਰ ਲਈ ਬਿਜਲੀ ਦਰਾਂ ਵਿਚ 9 ਪੈਸੇ ਦਾ ਵਾਧਾ ਕੀਤਾ ਗਿਆ ਹੈ ਜਿਸ ਨਾਲ ਇਸ ਖੇਤਰ ਲਈ ਕਰਾਸ ਸਬਸਿਡੀ 14.41 ਤੋਂ ਘੱਟ ਕੇ 12.05 ਫੀਸਦੀ ਰਹਿ ਜਾਵੇਗੀ।
ਛੋਟੇ ਤੇ ਦਰਮਿਆਨੇ ਉਦਯੋਗਿਕ ਖਪਤਕਾਰਾਂ ਤੇ ਗੈਰ ਘਰੇਲੂ ਖਪਤਕਾਰਾਂ ਯਾਨੀ ਐਨ.ਆਰ.ਐਸ ਖ਼ਪਤਕਾਰਾਂ ਲਈ ਵੀ ਬਿਜਲੀ ਦਰਾਂ ਵਿਚ ਕੋਈ ਵਾਧਾ ਨਹੀਂ ਕੀਤਾ ਗਿਆ।