ਰਾਜਪੁਰਾ- ਰਾਜਪੁਰਾ ‘ਚ ਭਾਜਪਾ ਆਗੂ ਅਤੇ ਉਨ੍ਹਾਂ ਦੇ ਸਮਰਥਕਾਂ ’ਤੇ ਅੰਦੋਲਨ ਕਰ ਰਹੇ ਕਿਸਾਨਾਂ ਵਲੋਂ ਹਮਲੇ ਤੋਂ ਬਾਅਦ ਭਾਜਪਾ ਨੇਤਾ ਬ੍ਰਿਜੇਸ਼ਵਰ ਸਿੰਘ ਨੇ ਕੋਰਟ ਵਿਚ ਇਕ ਪਟੀਸ਼ਨ ਪਾਈ। ਉਸਨੇ ਇਹ ਪਟੀਸ਼ਨ ਆਪਣੇ ਅਤੇ ਪਰਿਵਾਰ ਦੀ ਜਾਨ-ਮਾਲ ਦੀ ਰੱਖਿਆ ਅਤੇ ਪੁਲਸ ਸੁਰੱਖਿਆ ਦੀ ਮੰਗ ਨੂੰ ਲੈ ਕੇ ਅੱਧੀ ਰਾਤ ਨੂੰ ਹੀ ਹਾਈਕੋਰਟ ਦੀ ਰਜਿਸਟਰੀ ਮੇਲ ਰਾਹੀਂ ਪਾਈ। ਉਸ ਵੱਲੋਂ ਪਾਈ ਗਈ ਇਸ ਪਟੀਸ਼ਨ ਦਾ ਨੋਟਿਸ ਲੈਂਦਿਆਂ ਅਤੇ ਮਾਮਲੇ ਦੀ ਗੰਭੀਰਤਾ ਨੂੰ ਵੇਖਦਿਆਂ ਰਾਤ 12 ਵਜੇ ਹਾਈਕੋਰਟ ਵਿਚ ਅਦਾਲਤ ਲਗਾਈ ਗਈ।
ਜਸਟਿਸ ਸੁਵੀਰ ਸਹਿਗਲ ਨੇ ਪੰਜਾਬ ਸਰਕਾਰ ਨੂੰ ਐਡਵੋਕੇਟ ਜਨਰਲ ਦੇ ਮਾਧਿਅਮ ਨਾਲ ਨੋਟਿਸ ਜਾਰੀ ਕਰਕੇ ਡੀ. ਜੀ. ਪੀ. ਅਤੇ ਪਟਿਆਲਾ ਰੇਂਜ ਦੇ ਐੱਸ. ਐੱਸ. ਪੀ. ਪਟਿਆਲਾ ਨੂੰ ਫ਼ੋਨ ਦੀ ਮਾਰਫ਼ਤ ਹੁਕਮ ਜਾਰੀ ਕੀਤੇ ਕਿ ਮਾਮਲੇ ਵਿਚ ਤੁਰੰਤ ਕਾਰਵਾਈ ਕੀਤੀ ਜਾਵੇ। ਇਨ੍ਹਾਂ ਹੁਕਮਾਂ ਵਿੱਚ ਕਿਹਾ ਗਿਆ ਕਿ ਰਾਜਪੁਰਾ ਦੀ ਗੁਰੂ ਅਰਜਨ ਦੇਵ ਕਾਲੋਨੀ ਦੇ ਮਕਾਨ ਨੰਬਰ 179 ਵਿਚ ਬੰਧਕ ਬਣਾਏ ਪਟੀਸ਼ਨਰ ਅਤੇ ਉਨ੍ਹਾਂ ਦੇ ਸਮਰਥਕਾਂ ਨੂੰ ਸੁਰੱਖਿਅਤ ਬਾਹਰ ਲਿਆਂਦਾ ਜਾਵੇ ਅਤੇ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਇਸ ਦੇ ਨਾਲ ਨਾਲ ਜਸਟਿਸ ਸੁਵੀਰ ਸਹਿਗਲ ਨੇ ਸੋਮਵਾਰ ਨੂੰ ਦੋ ਵਜੇ ਪ੍ਰਤੀਵਾਦੀਆਂ ਨੂੰ ਜਵਾਬ ਦਾਖ਼ਲ ਕਰਨ ਨੂੰ ਵੀ ਕਿਹਾ ਸੀ।
ਪੁਲਸ ਨੇ ਐਫੀਡੈਵਿਟ ਦਾਖ਼ਲ ਕਰਕੇ ਦੱਸਿਆ ਕਿ ਪਟੀਸ਼ਨਰ ਭਾਜਪਾ ਨੇਤਾ ਸਹਿਤ ਉਨ੍ਹਾਂ ਦੇ ਸਮਰਥਕਾਂ ਨੂੰ ਸੁਰੱਖਿਅਤ ਕੱਢ ਕੇ ਪੁਲਸ ਸੁਰੱਖਿਆ ਮੁਹੱਈਆ ਕਰਵਾ ਦਿੱਤੀ ਗਈ ਹੈ। ਇਸ ਦੇ ਨਾਲ-ਨਾਲ ਮੁਲਜ਼ਮ 150 ਕਿਸਾਨਾਂ ਅਤੇ ਉਨ੍ਹਾਂ ਦੇ ਸਮਰਥਕਾਂ ਖ਼ਿਲਾਫ਼ ਦੋ ਵੱਖ-ਵੱਖ FIR ਦਰਜ ਕਰ ਲਈ ਗਈ ਹੈ। ਪੁਲਸ ਦੇ ਜਵਾਬ ਤੋਂ ਬਾਅਦ ਅਗਲੀ ਸੁਣਵਾਈ 9 ਅਗਸਤ ਨੂੰ ਹੈ।