ਟੀਵੀ ਪੰਜਾਬ ਬਿਊਰੋ- ਕੇਂਦਰੀ ਖੇਤੀਬਾੜੀ ਮੰਤਰੀ ਨਰੇਂਦਰ ਸਿੰਘ ਤੋਮਰ ਨੇ ਕੱਲ੍ਹ ਕਿਹਾ ਕਿ ਮੋਦੀ ਸਰਕਾਰ ਤਿੰਨਾਂ ਖੇਤੀ ਕਾਨੂੰਨਾਂ ‘ਤੇ ਗੱਲਬਾਤ ਕਰਨ ਲਈ ਤਿਆਰ ਹੈ। ਤੋਮਰ ਨੇ ਕਿਹਾ ਹੈ ਕਿ ਨਵੇਂ ਖੇਤੀ ਕਾਨੂੰਨਾਂ ਨਾਲ ਸੰਬੰਧਤ ਪ੍ਰਬੰਧਾਂ ‘ਤੇ ਕਿਸੇ ਵੀ ਕਿਸਾਨ ਸੰਗਠਨ ਨਾਲ ਅਤੇ ਕਦੇ ਵੀ …ਗੱਲ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਅਸੀਂ ਉਨ੍ਹਾਂ ਦਾ ਸਵਾਗਤ ਕਰਾਂਗੇ ..। ਰੱਦ ਕਰਨ ਨੂੰ ਛੱਡ ਕੇ ਐਕਟ ਨਾਲ ਸੰਬੰਧਤ ਪ੍ਰਬੰਧ ‘ਤੇ ਕਿਸੇ ਵੀ ਕਿਸਾਨ ਜਥੇਬੰਦੀ ਨਾਲ ਅੱਧੀ ਰਾਤ ਨੂੰ ਗੱਲ ਕਰਨ ਲਈ ਤਿਆਰ ਹਾਂ। ਉਨ੍ਹਾਂ ਕਿਹਾ ਕਿ ਕਿਸਾਨ ਸੰਗਠਨ, ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ‘ਤੇ ਅੜੇ ਹੋਏ ਹਨ, ਜਦੋਂ ਕਿ ਸਰਕਾਰ ਦਾ ਕਹਿਣਾ ਹੈ ਕਿ ਉਹ ਜ਼ਰੂਰਤ ਅਨੁਸਾਰ ਇਸ ‘ਚ ਸੁਧਾਰ ਕਰਨ ਲਈ ਤਿਆਰ ਹੈ। ਕੇਂਦਰ ਸਰਕਾਰ ਨੇ ਕਈ ਵਾਰ ਸੰਕੇਤ ਦਿੱਤੇ ਹਨ ਕਿ ਕਿਸਾਨ ਜਥੇਬੰਦੀਆਂ ਨੂੰ ਸਿਰਫ਼ ਇਨ੍ਹਾਂ ਕਾਨੂੰਨਾਂ ਨੂੰ ਰੱਦ ਕਰਨ ਤੋਂ ਵੱਖ ਕਾਨੂੰਨੀ ਬਿੰਦੂਆਂ ‘ਤੇ ਗੱਲ ਕਰਨੀ ਚਾਹੀਦੀ ਹੈ, ਉਦੋਂ ਗੱਲ ਅੱਗੇ ਵਧ ਸਕਦੀ ਹੈ।
ਪਿਛਲੇ ਹਫ਼ਤੇ ਵੀ ਖੇਤੀਬਾੜੀ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਵਿਰੋਧ ਕਰ ਰਹੇ ਕਿਸਾਨਾਂ ਨਾਲ ਗੱਲਬਾਤ ਫਿਰ ਤੋਂ ਸ਼ੁਰੂ ਕਰਨ ਲਈ ਤਿਆਰ ਹੈ। ਨਾਲ ਹੀ ਉਨ੍ਹਾਂ ਨੇ ਕਿਸਾਨ ਜਥੇਬੰਦੀਆਂ ਨੂੰ ਤਿੰਨੋਂ ਖੇਤੀ ਕਾਨੂੰਨਾਂ ਦੇ ਪ੍ਰਬੰਧਾਂ ‘ਚ ਕਿੱਥੇ ਨਾਰਾਜ਼ਗੀ ਹੈ, ਠੋਸ ਤਰਕ ਨਾਲ ਆਪਣੀ ਗੱਲ ਰੱਖਣ ਲਈ ਕਿਹਾ ਸੀ।
ਗੌਰਤਲਬ ਹੈ ਕਿ ਸਰਕਾਰ ਅਤੇ ਜਥੇਬੰਦੀਆਂ ਵਿਚਾਲੇ ਆਖ਼ਰੀ ਗੱਲਬਾਤ 22 ਜਨਵਰੀ ਨੂੰ ਹੋਈ ਸੀ। 26 ਜਨਵਰੀ ਨੂੰ ਕਿਸਾਨਾਂ ਦੇ ਵਿਰੋਧ ਪ੍ਰਦਰਸ਼ਨ ‘ਚ ਇਕ ਟਰੈਕਟਰ ਰੈਲੀ ਦੌਰਾਨ ਹਿੰਸਾ ਤੋਂ ਬਾਅਦ ਗੱਲਬਾਤ ਰੁਕ ਗਈ ਸੀ। ਜਦਕਿ ਖੇਤੀ ਕਾਨੂੰਨਾਂ ਦੇ ਵਿਰੋਧ ‘ਚ 6 ਮਹੀਨਿਆਂ ਤੋਂ ਵੱਧ ਸਮੇਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਹਜ਼ਾਰਾਂ ਕਿਸਾਨ ਡੇਰਾ ਲਾਈ ਬੈਠੇ ਹਨ।