ਚੰਡੀਗੜ੍ਹ : ਸ਼ਹੀਦਾਂ ਅਤੇ ਹੋਰ ਸਮਾਜ ਸੇਵੀਆਂ ਨੂੰ ਬਣਦਾ ਸਨਮਾਨ ਦੇਣ ਲਈ ਪੰਜਾਬ ਸਰਕਾਰ ਨੇ ਕਈ ਸਕੂਲਾਂ ਦੇ ਨਾਂ ਬਦਲ ਕੇ ਸ਼ਹੀਦਾਂ ਦੇ ਨਾਂ ‘ਤੇ ਰੱਖਣ ਦਾ ਫ਼ੈਸਲਾ ਕੀਤਾ ਹੈ। ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਅੱਜ ਕਿਹਾ ਕਿ ਸੰਗਰੂਰ, ਜਲੰਧਰ, ਲੁਧਿਆਣਾ, ਪਟਿਆਲਾ, ਹੁਸ਼ਿਆਰਪੁਰ, ਐਸਬੀ.ਸ. ਨਗਰ, ਤਰਨ ਤਾਰਨ, ਅੰਮ੍ਰਿਤਸਰ, ਐਸ.ਏ.ਐਸ ਨਗਰ ਅਤੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹਿਆਂ ਦੇ 17 ਸਰਕਾਰੀ ਸਕੂਲਾਂ ਦਾ ਨਾਂ ਵੱਡੀਆਂ ਸ਼ਖਸੀਅਤਾਂ ਦੇ ਨਾਮ ‘ਤੇ ਰੱਖਿਆ ਗਿਆ ਹੈ। ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ‘ਤੇ ਅਮਲ ਕਰਦਿਆਂ ਸਕੂਲ ਸਿੱਖਿਆ ਵਿਭਾਗ ਵੱਲੋਂ ਹਾਲ ਹੀ ਵਿੱਚ ਹੋਈ ਇੱਕ ਉੱਚ ਪੱਧਰੀ ਮੀਟਿੰਗ ਦੌਰਾਨ ਇਨ੍ਹਾਂ ਸਕੂਲਾਂ ਦਾ ਨਾਂ ਬਦਲਣ ਦਾ ਫੈਸਲਾ ਲਿਆ ਗਿਆ ਹੈ।
ਕੈਬਨਿਟ ਮੰਤਰੀ ਨੇ ਕਿਹਾ ਕਿ ਸੰਗਰੂਰ ਜ਼ਿਲ੍ਹੇ ਦੇ ਚਾਰ ਸਕੂਲਾਂ ਦੇ ਨਾਂ ਬਦਲ ਕੇ ਆਜ਼ਾਦੀ ਘੁਲਾਟੀਆਂ ਤੇ ਸ਼ਹੀਦਾਂ ਦੇ ਨਾਂ ‘ਤੇ ਰੱਖੇ ਗਏ ਹਨ ਜਿਨ੍ਹਾਂ ‘ਚ ਸਰਕਾਰੀ ਹਾਈ ਸਮਾਰਟ ਸਕੂਲ ਧੂਰਾ ਦਾ ਨਾਂ ਬਦਲ ਕੇ ਗ਼ਦਰੀ ਬਾਬਾ ਠਾਕੁਰ ਦਾਸ ਜੀ ਸਰਕਾਰੀ ਹਾਈ ਸਮਾਰਟ ਸਕੂਲ ਧੂਰਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ ਦਾ ਨਾਂ ਸ਼ਹੀਦ ਸਿਪਾਹੀ ਸ. ਮੁਕੰਦ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਧਰਮਗੜ੍ਹ, ਸਰਕਾਰੀ ਮਿਡਲ ਸਕੂਲ ਕਲੌਦੀ ਦਾ ਨਾਂ ਬਦਲ ਕੇ ਆਜ਼ਾਦੀ ਘੁਲਾਟੀਆ ਸ. ਬਾਜਾ ਸਿੰਘ ਸਰਕਾਰੀ ਮਿਡਲ ਸਕੂਲ ਅਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਹੜ ਦਾਂ ਨਾਂ ਬਦਲ ਕੇ ਆਜ਼ਾਦੀ ਘੁਲਾਟੀਆ ਹਰਨਾਮ ਸਿੰਘ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਛਾਹੜ ਰੱਖਿਆ ਗਿਆ ਹੈ।
ਸਿੰਗਲਾ ਨੇ ਕਿਹਾ ਕਿ ਜਲੰਧਰ ਜ਼ਿਲ੍ਹੇ ‘ਚ ਵੀ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਨਹਿਰੂ ਗਾਰਡਨ ਦਾ ਨਾਂ ਲੇਟ ਲਾਲਾ ਜਗਤ ਨਰਾਇਣ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ ਕੰਡਾਲਾ ਜ਼ਿਲ੍ਹਾ ਐਸ.ਏ.ਐਸ ਨਗਰ ਦਾ ਨਾਂ ਸ਼ਹੀਦ ਨਾਇਕ ਗੱਜਣ ਸਿੰਘ ਸਰਕਾਰੀ ਹਾਈ ਸਕੂਲ ਕੰਡਾਲਾ ਰੱਖਣ ਨੂੰ ਮਨਜ਼ੂਰੀ ਦਿੱਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਇਸੇ ਨੀਤੀ ਤਹਿਤ ਜ਼ਿਲ੍ਹਾ ਪਠਾਨਕੋਟ ਦੇ ਦੋ ਸਰਕਾਰੀ ਸਕੂਲਾਂ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਰੋਟ ਜੈਮਲ ਸਿੰਘ ਅਤੇ ਸਰਕਾਰੀ ਐਲੀਮੈਂਟਰੀ ਸਕੂਲ, ਪਿੰਡ ਅਖਵਾਨਾ ਦਾ ਨਾਂ ਬਦਲ ਕੇ ਕ੍ਰਮਵਾਰ ਸ਼ਹੀਦ ਮੇਹਰ ਸਿੰਘ ਵੀਰ ਚੱਕਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਨਰੋਟ ਜੈਮਲ ਸਿੰਘ ਅਤੇ ਸ਼ਹੀਦ ਮਨਜੀਤ ਸਿੰਘ ਸਰਕਾਰੀ ਐਲੀਮੈਂਟਰੀ ਸਕੂਲ, ਅਖਵਾਨਾ ਰੱਖਣ ਸਬੰਧੀ ਪ੍ਰਵਾਨਗੀ ਦਿੱਤੀ ਗਈ ਹੈ।
ਇਸੇ ਤਰ੍ਹਾਂ ਸਰਕਾਰੀ ਹਾਈ ਸਕੂਲ, ਚੂਸਲੇਵੜ ਜ਼ਿਲਾ ਤਰਨਤਾਰਨ ਦਾ ਨਾਮ ਸ਼ਹੀਦ ਨਾਇਕ ਕਰਮਜੀਤ ਸਿੰਘ ਸੈਨਾ ਮੈਡਲ ਸਰਕਾਰੀ ਹਾਈ ਸਕੂਲ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਮਾਲ ਰੋਡ, ਬਠਿੰਡਾ ਦਾ ਨਾਮ ਸ਼ਹੀਦ ਮੇਜਰ ਰਵੀ ਇੰਦਰ ਸਿੰਘ ਸੰਧੂ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਕੁੜੀਆਂ) ਅਤੇ ਜ਼ਿਲ੍ਹਾ ਪਟਿਆਲਾ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਮੁੰਡੇ), ਸਮਾਣਾ ਦਾ ਨਾਂ ਬਦਲ ਕੇ ਸ਼ਹੀਦ ਫ਼ਲਾਈਟ ਲੈਫ਼ਟੀਨੈਂਟ ਮੋਹਿਤ ਕੁਮਾਰ ਗਰਗ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਰੱਖਿਆ ਗਿਆ ਹੈ। ਸਿੰਗਲਾ ਨੇ ਦੱਸਿਆ ਕਿ ਇਸ ਸਬੰਧੀ ਨੋਟੀਫ਼ਿਕੇਸ਼ਨ ਛੇਤੀ ਹੀ ਜਾਰੀ ਕਰ ਦਿੱਤਾ ਜਾਵੇਗਾ।
ਟੀਵੀ ਪੰਜਾਬ ਬਿਊਰੋ