ਬਠਿੰਡਾ- ਬਠਿੰਡਾ ਜੇਲ੍ਹ ‘ਚ ਬੰਦ ਸੱਤ ਗੈਂਗਸਟਰਾਂ ਵੱਲੋਂ ਉਨ੍ਹਾਂ ਨੂੰ ਵੱਖ ਤੋਂ 22 ਘੰਟਿਆਂ ਤਕ ਇਕਾਂਤ ਕੈਦ ‘ਚ ਰੱਖੇ ਜਾਣ ਖ਼ਿਲਾਫ਼ ਦਾਖ਼ਲ ਪਟੀਸ਼ਨ ‘ਤੇ ਹਾਈ ਕੋਰਟ ਨੇ ਵੀਰਵਾਰ ਨੂੰ ਇਨ੍ਹਾਂ ਸਾਰੇ ਕੈਦੀਆਂ ਨੂੰ 22 ਘੰਟਿਆਂ ਤਕ ਵੱਖ ਤੋਂ ਇਕਾਂਤਵਾਸ ਕੈਦ ‘ਚ ਰੱਖਣ ਦੇ ਆਦੇਸ਼ਾਂ ਨੂੰ ਰੱਦ ਕਰ ਦਿੱਤਾ ਹੈ ਤੇ ਅੱਗੇ ਤੋਂ ਇਨ੍ਹਾਂ ਨੂੰ ਜੇਲ੍ਹ ‘ਚ ਕਿਵੇਂ ਰੱਖਿਆ ਜਾਵੇ ਇਸਦੇ ਲਈ ਪੰਜਾਬ ਸਰਕਾਰ ਨੂੰ ਪਾਲਿਸੀ ਬਣਾਏ ਜਾਣ ਦੇ ਆਦੇਸ਼ ਦੇ ਦਿੱਤੇ ਹਨ।
ਜਸਟਿਸ ਸੁਧੀਰ ਮਿੱਤਲ ਨੇ ਇਹ ਆਦੇਸ਼ ਕੁਲਪ੍ਰੀਤ ਸਿੰਘ ਉਰਫ਼ ਨੀਟਾ ਦਿਓਲ, ਬਲਜਿੰਦਰ ਸਿੰਘ ਬਿੱਲਾ, ਰਾਜਿਆ, ਗੁਰਪ੍ਰੀਤ ਸਿੰਘ ਸੇਖੋਂ, ਚੰਦਨ, ਰਮਨਦੀਪ ਸਿੰਘ ਰੰਮੀ ਤੇ ਤਜਿੰਦਰ ਸਿੰਘ ਤੇਜਾ ਵੱਲੋਂ ਦਾਖ਼ਲ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਦਿੱਤੇ ਹਨ। ਹਾਈ ਕੋਰਟ ਨੇ ਕਿਹਾ ਕਿ ਚਾਹੇ ਇਹ ਸਾਰੇ ਕੈਦੀ ਗੈਂਗਸਟਰ ਹਨ ਪਰ ਇਨ੍ਹਾਂ ਨੂੰ ਜੇਲ੍ਹ ‘ਚ 22 ਘੰਟਿਆਂ ਤਕ ਵੱਖ ਤੋਂ ਕੈਦ ਕਰਨਾ ਸਜ਼ਾ ਦੇ ਅੰਦਰ ਇਕ ਹੋਰ ਸਜ਼ਾ ਦੇਣ ਜਿਹਾ ਹੈ। ਜੇਲ੍ਹ ਪ੍ਰਸ਼ਾਸਨ ਇਹ ਤੈਅ ਕਰੇ ਕਿ ਇਨ੍ਹਾਂ ਗੈਂਗਸਟਰਾਂ ਨੂੰ ਜੇਲ੍ਹ ‘ਚ ਕਿਵੇਂ ਰੱਖਿਆ ਜਾਵੇ ਤਾਂਕਿ ਇਨ੍ਹਾਂ ‘ਚ ਆਪਸੀ ਟਕਰਾਅ ਨਾ ਹੋਵੇ। ਇਸ ਦੇ ਲਈ ਵੱਖ-ਵੱਖ ਗੁੱਟਾਂ ਦੇ ਕੈਦੀਆਂ ਨੂੰ ਵੱਖ-ਵੱਖ ਬੈਰਕ ‘ਚ ਰੱਖਿਆ ਜਾ ਸਕਦਾ ਹੈ। ਹਾਈ ਕੋਰਟ ਨੇ ਕਿਹਾ ਕਿ ਉਹ ਫਿਲਹਾਲ 22 ਘੰਟੇ ਦੇ ਇਕਾਂਤਵਾਸ ਕੈਦ ਦੇ ਆਦੇਸ਼ਾਂ ਨੂੰ ਰੱਦ ਕਰ ਰਹੇ ਹਨ ਪਰ ਅੱਗੇ ਇਨ੍ਹਾਂ ਨੂੰ ਜੇਲ੍ਹ ‘ਚ ਕਿਵੇਂ ਰੱਖਿਆ ਜਾਵੇ ਇਹ ਤੈਅ ਕਰਨਾ ਸਰਕਾਰ ਦਾ ਕੰਮ ਹੈ। ਲਿਹਾਜ਼ਾ ਸਰਕਾਰ 19 ਜੁਲਾਈ ਤਕ ਇਸਦੇ ਲਈ ਇਕ ਨੀਤੀ ਬਣਾ ਕੇ ਹਾਈ ਕੋਰਟ ਨੂੰ ਇਸ ਦੀ ਜਾਣਕਾਰੀ ਦੇਵੇ।ਦੱਸਣਯੋਗ ਹੈ ਕਿ ਇਨ੍ਹਾਂ ਸਾਰੇ ਕੈਦੀਆਂ ਨੇ ਹਾਈ ਕੋਰਟ ‘ਚ ਪਟੀਸ਼ਨ ਦਾਖ਼ਲ ਕਰ ਕੇ ਦੱਸਿਆ ਸੀ ਕਿ ਉਨ੍ਹਾਂ ਸਾਰੇ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ‘ਚ ਇਕੱਤਰ ਕੀਤਾ ਜਾ ਰਿਹਾ ਹੈ, ਜਿਨ੍ਹਾਂ ‘ਤੇ ਗੈਂਗਸਟਰ ਹੋਣ ਦਾ ਠੱਪਾ ਲੱਗਾ ਹੋਇਆ ਹੈ, ਇਸ ਨਾਲ ਜੇਲ੍ਹ ‘ਚ ਕਦੀ ਵੀ ਅਣਹੋਣੀ ਘਟਨਾ ਹੋ ਸਕਦੀ ਹੈ।
ਗੈਂਗਸਟਰਾਂ ਨੇ ਪਟੀਸ਼ਨ ‘ਚ ਕਿਹਾ ਸੀ ਕਿ ਪੁਲਿਸ ਉਨ੍ਹਾਂ ਦੇ ਐਨਕਾਊਂਟਰ ਦੀ ਸਾਜ਼ਿਸ਼ ਰਚ ਰਹੀ ਹੈ, ਇਸ ਲਈ ਬਠਿੰਡਾ ਜੇਲ੍ਹ ‘ਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਪਟੀਸ਼ਨਕਰਤਾਵਾਂ ਨੇ ਦੱਸਿਆ ਕਿ ਜਦੋਂ ਤੋਂ ਅਖੌਤੀ ਗੈਂਗਸਟਰਾਂ ਨੂੰ ਬਠਿੰਡਾ ਜੇਲ੍ਹ ‘ਚ ਲਿਆਂਦਾ ਗਿਆ ਹੈ ਉਦੋਂ ਤੋਂ ਰੋਜ਼ ਉਨ੍ਹਾਂ ਨੂੰ ਦਿਨ ‘ਚ 22 ਘੰਟੇ ਹਨੇਰੇ ਕਮਰੇ ‘ਚ ਪਾਣੀ, ਸਾਫ਼ ਹਵਾ ਤੇ ਹੋਰ ਮੁੱਢਲੀਆਂ ਸਹੂਲਤਾਂ ਤੋਂ ਬਿਨਾਂ ਰੱਖਿਆ ਜਾਂਦਾ ਹੈ। ਇਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਹਾਲੀਆ ਹੀ ‘ਚ ਮੁੱਖ ਮੰਤਰੀ ਨੇ ਕਿਹਾ ਸੀ ਕਿ ਉਹ ਸਾਰੇ ਗੈਂਗਸਟਰਾਂ ਨੂੰ ਦੇਖ ਲੈਣਗੇ। ਅਜਿਹੇ ‘ਚ ਜੇਲ੍ਹ ‘ਚ ਉਨ੍ਹਾਂ ਦੀ ਜਾਨ ਨੂੰ ਖ਼ਤਰਾ ਹੈ। ਅਜਿਹੇ ‘ਚ ਇਨ੍ਹਾਂ ਸਾਰਿਆਂ ਨੇ ਇਕਾਂਤ ਕੈਦ ‘ਚ ਰੱਖੇ ਜਾਣ ਨੂੰ ਹਾਈ ਕੋਰਟ ‘ਚ ਚੁਣੌਤੀ ਦਿੱਤੀ ਸੀ।