ਮੁੰਬਈ : ਬਾਲੀਵੁੱਡ ਅਭਿਨੇਤਰੀ ਕੰਗਨਾ ਰਣੌਤ ਆਪਣੀਆਂ ਫਿਲਮਾਂ ਦੇ ਨਾਲ-ਨਾਲ ਵਿਵਾਦਾਂ ਕਾਰਨ ਵੀ ਸੁਰਖੀਆਂ ਵਿਚ ਬਣੀ ਰਹਿੰਦੀ ਹੈ। ਮਸ਼ਹੂਰ ਗੀਤਕਾਰ ਜਾਵੇਦ ਅਖਤਰ ਨੇ ਕੰਗਨਾ ਰਣੌਤ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ ਹੈ। ਇਸ ਕੇਸ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਕੰਗਨਾ ‘ਤੇ ਤਿੱਖੀ ਟਿੱਪਣੀ ਕੀਤੀ ਹੈ। ਕੰਗਨਾ ਰਣੌਤ ਮਾਮਲੇ ਦੀ ਸੁਣਵਾਈ ਵਿਚ ਪੇਸ਼ ਨਹੀਂ ਹੋ ਰਹੀ, ਜਿਸ ‘ਤੇ ਅਦਾਲਤ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕੀਤੀ ਹੈ।
ਇਸ ਮਾਮਲੇ ਦੀ ਸੁਣਵਾਈ ਕਰਦਿਆਂ ਅਦਾਲਤ ਨੇ ਕੰਗਨਾ ਰਣੌਤ ਨੂੰ ਅਗਲੀ ਸੁਣਵਾਈ ਯਾਨੀ 1 ਸਤੰਬਰ ਨੂੰ ਅਦਾਲਤ ਵਿਚ ਪੇਸ਼ ਹੋਣ ਲਈ ਕਿਹਾ ਹੈ। ਅਦਾਲਤ ਨੇ ਆਪਣੀ ਟਿੱਪਣੀ ਵਿਚ ਅੱਗੇ ਕਿਹਾ ਹੈ ਕਿ ਜੇ ਇਸ ਵਾਰ ਕੰਗਨਾ ਰਣੌਤ ਅਦਾਲਤ ਵਿਚ ਪੇਸ਼ ਨਹੀਂ ਹੋਈ ਤਾਂ ਉਸ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਜਾਵੇਗਾ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਕੰਗਨਾ ਰਣੌਤ ਨੇ ਆਪਣੇ ਵਕੀਲ ਰਾਹੀਂ ਅਦਾਲਤ ਵਿਚ ਪਟੀਸ਼ਨ ਦਾਇਰ ਕੀਤੀ ਸੀ ਅਤੇ ਜਾਵੇਦ ਅਖਤਰ ਦੇ ਮਾਣਹਾਨੀ ਦੇ ਕੇਸ ਵਿਚ ਅਦਾਲਤ ਵਿਚ ਪੇਸ਼ ਹੋਣ ਤੋਂ ਪੱਕੀ ਛੋਟ ਦੀ ਮੰਗ ਕੀਤੀ ਸੀ। ਅਦਾਲਤ ਨੇ ਕੰਗਨਾ ਦੀ ਅਪੀਲ ਖਾਰਜ ਕਰ ਦਿੱਤੀ। ਕੰਗਨਾ ਨੇ ਆਪਣੇ ਹੱਕ ਵਿਚ ਦਲੀਲ ਦਿੱਤੀ ਸੀ ਕਿ ਉਹ ਕੰਮ ਦੇ ਸਿਲਸਿਲੇ ਵਿਚ ਦੇਸ਼ ਅਤੇ ਵਿਦੇਸ਼ਾਂ ਵਿਚ ਰਹਿੰਦੀ ਹੈ, ਇਸ ਲਈ ਉਹ ਹਰ ਸੁਣਵਾਈ ਵਿੱਚ ਪੇਸ਼ ਨਹੀਂ ਹੋ ਸਕਦੀ।
ਧਿਆਨ ਯੋਗ ਹੈ ਕਿ ਕੰਗਨਾ ਰਣੌਤ ਨੇ ਪਿਛਲੇ ਸਾਲ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਤੋਂ ਬਾਅਦ ਇਕ ਟੀਵੀ ਚੈਨਲ ਨੂੰ ਦਿੱਤੇ ਇੱਕ ਇੰਟਰਵਿਉ ਵਿੱਚ ਗੀਤਕਾਰ ਜਾਵੇਦ ਅਖਤਰ ਬਾਰੇ ਕਈ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ। ਕੰਗਣਾ ਨੇ ਜਾਵੇਦ ਅਖਤਰ ‘ਤੇ ਬਾਲੀਵੁੱਡ ‘ਚ ਧੜੇਬੰਦੀ ਕਰਨ ਦਾ ਦੋਸ਼ ਲਾਇਆ ਸੀ। ਇਸ ਤੋਂ ਬਾਅਦ ਜਾਵੇਦ ਅਖਤਰ ਨੇ ਕੰਗਨਾ ਖਿਲਾਫ ਮਾਣਹਾਨੀ ਦਾ ਕੇਸ ਦਾਇਰ ਕੀਤਾ।
ਟੀਵੀ ਪੰਜਾਬ ਬਿਊਰੋ