Site icon TV Punjab | English News Channel

ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਇਹ ਹੋਣਗੀਆਂ ਚੁਣੌਤੀਆਂ ਅਤੇ ਇਹ ਬਣਨਗੇ ‘ਰਾਹ ਦੇ ਰੋੜੇ’

ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ

ਪੰਜਾਬ ਕਾਂਗਰਸ ਵਿਚ ਪਿਛਲੇ ਲੰਮੇ ਸਮੇਂ ਤੋਂ ਚਲਦੀ ਆ ਰਹੀ ਖ਼ਾਨਾਜੰਗੀ ਨੂੰ ਰੋਕਣ ਲਈ ਕਾਂਗਰਸ ਹਾਈ ਕਮਾਂਡ ਨੇ ਪੰਜਾਬ ਪ੍ਰਧਾਨ ਦੀ ਕਮਾਂਡ ਨਵਜੋਤ ਸਿੰਘ ਸਿੱਧੂ ਦੇ ਹੱਥ ਦੇਣ ਦਾ ਫ਼ੈਸਲਾ ਲੱਗਭਗ ਕਰ ਲਿਆ ਹੈ। ਭਰੋਸੇਯੋਗ ਸੂਤਰਾਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਕਿਸੇ ਵੀ ਪਲ ਪਾਰਟੀ ਹਾਈਕਮਾਂਡ ਇਸ ਬਾਰੇ ਐਲਾਨ ਕਰ ਸਕਦੀ ਹੈ। ਆਫ ਦੀ ਰਿਕਾਰਡ ਮਿਲੀ ਜਾਣਕਾਰੀ ਮੁਤਾਬਕ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨੇ ਕਿਹਾ ਹੈ ਕਿ ਨਵਜੋਤ ਸਿੱਧੂ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਬਣਾਏ ਜਾ ਰਹੇ ਹਨ ਅਤੇ ਇਸ ਦਾ ਅਧਿਕਾਰਤ ਐਲਾਨ ਜਲਦ ਹੀ ਕਰ ਦਿੱਤਾ ਜਾਵੇਗਾ। ਉਨ੍ਹਾਂ ਇਹ ਜਾਣਕਾਰੀ ਵੀ ਦਿੱਤੀ ਕਿ ਪੰਜਾਬ ਕਾਂਗਰਸ ਦੇ ਦੋ ਕਾਰਜਕਾਰੀ ਪ੍ਰਧਾਨ ਬਣਾਏ ਜਾਣਗੇ ਜਿਹਨਾਂ ਵਿਚੋਂ ਇਕ ਹਿੰਦੂ ਭਾਈਚਾਰੇ ਵਿਚੋਂ ਤੇ ਦੂਜਾ ਦਲਿਤ ਭਾਈਚਾਰੇ ਵਿਚੋਂ ਹੋਵੇਗਾ। ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਬਣੇ ਰਹਿਣਗੇ। ਇਸ ਸਬੰਧੀ ਅੰਤਿਮ ਫ਼ੈਸਲਾ ਲੈਣ ਤੋਂ ਪਹਿਲਾਂ ਬੁੱਧਵਾਰ ਨੂੰ ਰਾਹੁਲ ਗਾਂਧੀ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਇਕ ਮੀਟਿੰਗ ਵੀ ਕੀਤੀ ਹੈ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਪਾਰਟੀ ਹਾਈ ਕਮਾਂਡ ਨੇ ਨਵਜੋਤ ਸਿੱਧੂ ਨੂੰ ਇਸ ਸਬੰਧੀ ਇਸ਼ਾਰਾ ਵੀ ਕਰ ਦਿੱਤਾ ਹੈ। ਭਾਵੇਂ ਕਿ ਪਾਰਟੀ ਹਾਈ ਕਮਾਂਡ ਨੇ ਮੰਗਲਵਾਰ ਨੂੰ ਹੀ ਸਿੱਧੂ ਦੇ ਨਾਂ ’ਤੇ ਮੋਹਰ ਲਾ ਦਿੱਤੀ ਸੀ, ਪਰ ਇਸ ਤੋਂ ਬਾਅਦ ਪਾਰਟੀ ਵਿਚ ਹੋਣ ਵਾਲੀ ਉਥਲ-ਪੁਥਲ ਨੂੰ ਧਿਆਨ ਵਿਚ ਰੱਖਦੇ ਹੋਏ ਬੁੱਧਵਾਰ ਨੂੰ ਮੁੜ ਮੀਟਿੰਗ ਕੀਤੀ ਗਈ ਹੈ ਅਤੇ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਨੇ ਸਿੱਧੂ ਦੀ ਜ਼ੋਰਦਾਰ ਵਕਾਲਤ ਕੀਤੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਛਲੇ ਦਿਨਾਂ ਦੌਰਾਨ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਗੱਲ ਲਈ ਰਾਜ਼ੀ ਕੀਤਾ ਕਿ ਉਹ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪ੍ਰਧਾਨ ਪ੍ਰਵਾਨ ਕਰ ਲੈਣ। ਇਸ ਦੌਰਾਨ ਹੀ ਕੈਪਟਨ ਅਮਰਿੰਦਰ ਸਿੰਘ ਨੇ ਹਾਈ ਕਮਾਂਡ ਨੂੰ ਦਲਿਤ ਤੇ ਹਿੰਦੂ ਕਾਰਜਕਾਰੀ ਪ੍ਰਧਾਨ ਬਣਾਉਣ ਦੀ ਰਾਇ ਦਿੱਤੀ ਸੀ ਜਿਸ ਨੂੰ ਹਾਈ ਕਮਾਂਡ ਨੇ ਪ੍ਰਵਾਨ ਕਰ ਲਿਆ ਹੈ ਅਤੇ ਹੁਣ ਕਾਰਜਕਾਰੀ ਪ੍ਰਧਾਨ ਵੀ ਬਣਾਇਆ ਜਾਵੇਗਾ। ਕਾਂਗਰਸ ਹਾਈ ਕਮਾਂਡ ਨਵਜੋਤ ਸਿੰਘ ਸਿੱਧੂ ਦੀ ਲੋਕਪ੍ਰਿਅਤਾ ਦਾ ਫ਼ਾਇਦਾ ਲੈਣਾ ਚਾਹੁੰਦੀ ਹੈ ਪਰ ਜੇਕਰ ਨਵਜੋਤ ਸਿੰਘ ਸਿੱਧੂ ਪਾਰਟੀ ਵੱਲੋਂ ਪ੍ਰਧਾਨ ਬਣਾਏ ਜਾਂਦੇ ਹਨ ਤਾਂ ਨਵਜੋਤ ਸਿੰਘ ਸਿੱਧੂ ਲਈ ਚੁਣੌਤੀਆਂ ਹੋਰ ਵੀ ਤਿੱਖੀਆਂ ਹੋ ਜਾਣਗੀਆਂ।ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਲਈ ਤਿੰਨ ਵੱਡੀਆਂ ਚੁਣੌਤੀਆਂ ਹਨ ਜੋ ਇਸ ਪ੍ਰਕਾਰ ਹੋਣਗੀਆਂ

ਕੈਪਟਨ ਅਤੇ ਉਨ੍ਹਾਂ ਦੇ ਚਹੇਤਿਆਂ ਨਾਲ ਤਾਲਮੇਲ ਸਿੱਧੂ ਲਈ ਪਹਿਲੀ ਵੱਡੀ ਚੁਣੌਤੀ

ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਸਾਹਮਣੇ ਸਭ ਤੋਂ ਵੱਡੀ ਚੁਣੌਤੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦੇ ਚਹੇਤਿਆਂ ਨਾਲ ਤਾਲਮੇਲ ਕਰਨਾ ਹੋਵੇਗਾ ਕਿਉਂਕਿ ਨਵਜੋਤ ਸਿੰਘ ਸਿੱਧੂ ਪਿਛਲੇ ਸਮੇਂ ਤੋਂ ਕੈਪਟਨ ਅਮਰਿੰਦਰ ਸਿੰਘ ਦਾ ਖੁੱਲ੍ਹਮ-ਖੁੱਲ੍ਹਾ ਵਿਰੋਧ ਕਰਦੇ ਆ ਰਹੇ ਹਨ ..ਕੈਪਟਨ ਅਮਰਿੰਦਰ ਸਿੰਘ ਦੇ ਚਹੇਤਿਆਂ ਮੰਤਰੀ ਬਲਬੀਰ ਸਿੱਧੂ, ਮੰਤਰੀ ਵਿਜੇ ਇੰਦਰ ਸਿੰਗਲਾ, ਮੰਤਰੀ ਭਾਰਤ ਭੂਸ਼ਣ ਆਸ਼ੂ ਤੇ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਮੁੱਖ ਤੌਰ ਤੇ ਸ਼ਾਮਲ ਹਨ।

ਪਿਛਲੇ ਸਮੇਂ ਦੌਰਾਨ ਕੈਪਟਨ ਦੇ ਇਨ੍ਹਾਂ ਚਹੇਤੇ ਮੰਤਰੀਆਂ ਨੇ ਇਕ ਸਾਂਝੇ ਬਿਆਨ ਰਾਹੀਂ ਇਹ ਤੱਕ ਕਿਹਾ ਸੀ ਕਿ ਨਵਜੋਤ ਸਿੱਧੂ ਕੈਪਟਨ ਅਮਰਿੰਦਰ ਸਿੰਘ ਅਤੇ ਪਾਰਟੀ ਖਿਲਾਫ ਸ਼ਰ੍ਹੇਆਮ ਬਗਾਵਤ ਕਰ ਰਿਹਾ ਹੈ। ਇਨ੍ਹਾਂ ਦੀ ਉਖੜੀ ਬਿਆਨਬਾਜ਼ੀ ਨੂੰ ਅਨੁਸ਼ਾਸਨਹੀਣ ਕਰਾਰ ਦਿੰਦਿਆਂ ਇਨ੍ਹਾਂ ਇਹ ਤੱਕ ਕਹਿ ਦਿੱਤਾ ਸੀ ਕਿ ਸਿੱਧੂ ਨੂੰ ਪਾਰਟੀ ਵਿਚੋਂ ਤੁਰੰਤ ਮੁਅੱਤਲ ਕਰ ਦੇਣਾ ਚਾਹੀਦਾ ਹੈ। ਇਨ੍ਹਾਂ ਕਿਹਾ ਸੀ ਕਿ ਜੇਕਰ ਸਿੱਧੂ ਨੂੰ ਪਾਰਟੀ ਵਿਚੋਂ ਨਾ ਕੱਢਿਆ ਗਿਆ ਤਾਂ ਪੰਜਾਬ ਕਾਂਗਰਸ ਵਿਚ ਉਸ ਦੀ ਮੌਜੂਦਗੀ ਪਾਰਟੀ ਦੀ ਸੂਬਾ ਇਕਾਈ ਵਿਚ ਗੜ੍ਹਬੜ ਪੈਦਾ ਕਰ ਦੇਵੇਗੀ ।

ਸੁਨੀਲ ਜਾਖੜ ਦੀ ਥਾਂ ਲੈਣਾ ਸਿੱਧੂ ਲਈ ਦੂਜੀ ਵੱਡੀ ਚੁਣੌਤੀ

ਪਾਰਟੀ ਪ੍ਰਧਾਨ ਬਣਨ ਤੋਂ ਬਾਅਦ ਨਵਜੋਤ ਸਿੱਧੂ ਲਈ ਸੁਨੀਲ ਜਾਖੜ ਦੀ ਥਾਂ ਲੈਣਾ ਦੂਜੀ ਵੱਡੀ ਚੁਣੌਤੀ ਹੋਵੇਗੀ। ਪੰਜਾਬ ਕਾਂਗਰਸ ਵਿੱਚ ਵੱਡਾ ਕੱਦ ਰੱਖਣ ਵਾਲੇ ਹਿੰਦੂ ਲੀਡਰ ਅਤੇ ਸਾਬਕਾ ਵਿਰੋਧੀ ਧਿਰ ਦੇ ਲੀਡਰ ਸੁਨੀਲ ਜਾਖੜ ਨੇ ਚੁਫੇਰੇ ਪ੍ਰਵਾਨਗੀ ਹਾਸਲ ਕੀਤੀ ਹੋਈ ਸੀ। ਇਸ ਦੇ ਨਾਲ ਨਾਲ ਸੁਨੀਲ ਜਾਖੜ ਵੀ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਖਾਸਮਖਾਸ ਕਰੀਬੀਆਂ ਵਿੱਚੋਂ ਇੱਕ ਹਨ। ਉਨ੍ਹਾਂ ਨੇ ਪਾਰਟੀ ਅਤੇ ਸਰਕਾਰ ਵਿਚਾਲੇ ਹਮੇਸ਼ਾ ਹੀ ਚੰਗਾ ਤਾਲਮੇਲ ਬਣਾ ਕੇ ਰੱਖਿਆ ਸੀ। ਇਸ ਦੇ ਨਾਲ ਨਾਲ ਸੁਨੀਲ ਜਾਖੜ ਉਹ ਨੇਤਾ ਹਨ ਜੋ ਕੈਪਟਨ ਵਿਰੋਧੀ ਖੇਮੇ ਵਿੱਚ ਵੀ ਪ੍ਰਵਾਨਗੀ ਰੱਖਦੇ ਹਨ ਅਤੇ ਕੈਪਟਨ ਦੇ ਚਹੇਤੇ ਖੇਮੇ ਵਿੱਚ ਤਾਂ ਉਨ੍ਹਾਂ ਦੀ ਪ੍ਰਵਾਨਗੀ ਇੱਟ ਵਰਗੀ ਪੱਕੀ ਹੈ। ਜਦੋਂ ਸੁਨੀਲ ਜਾਖੜ ਨੂੰ ਦੂਜੀ ਵਾਰੀ ਪਾਰਟੀ ਦਾ ਪ੍ਰਧਾਨ ਬਣਾਇਆ ਗਿਆ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦੀ ਖੁੱਲ੍ਹ ਕੇ ਵਕਾਲਤ ਕੀਤੀ ਸੀ ਇਸ ਦੇ ਉਲਟ ਹੁਣ ਜਦੋਂ ਨਵਜੋਤ ਸਿੰਘ ਸਿੱਧੂ ਨੂੰ ਪਾਰਟੀ ਪ੍ਰਧਾਨ ਬਣਾਇਆ ਜਾ ਰਿਹਾ ਹੈ ਤਾਂ ਕੈਪਟਨ ਅਮਰਿੰਦਰ ਸਿੰਘ ਸਿੱਧੂ ਦੀ ਮੁਖ਼ਾਲਫ਼ਤ ਵਿਚ ਖੜ੍ਹੇ ਹਨ।

ਹਿੰਦੂ ਵੋਟ ਨੂੰ ਪੱਖ ਵਿੱਚ ਕਰਨਾ ਤੀਜੀ ਵੱਡੀ ਚਣੌਤੀ

ਨਵਜੋਤ ਸਿੰਘ ਸਿੱਧੂ ਲਈ ਪ੍ਰਧਾਨ ਬਣਨ ਤੋਂ ਬਾਅਦ ਤੀਜੀ ਵੱਡੀ ਚੁਣੌਤੀ ਹਿੰਦੂ ਵੋਟ ਨੂੰ ਆਪਣੇ ਅਤੇ ਪਾਰਟੀ ਦੇ ਪੱਖ ਵਿੱਚ ਭੁਗਤਾਉਣਾ ਹੋਵੇਗਾ। ਇਸ ਤੋਂ ਪਹਿਲਾਂ ਇਹ ਮੰਨਿਆ ਜਾਂਦਾ ਸੀ ਕਿ ਪਾਰਟੀ ਪ੍ਰਧਾਨ ਸੁਨੀਲ ਜਾਖੜ ਹਿੰਦੂ ਵੋਟ ਨੂੰ ਆਪਣੇ ਪੱਖ ਵਿੱਚ ਭੁਗਤਾਉਣ ਲਈ ਪੰਜਾਬ ਕਾਂਗਰਸ ਦੇ ਅਹਿਮ ਨੇਤਾ ਹਨ। ਹਿੰਦੂ ਵੋਟ ਦੀ ਗੱਲ ਕਰੀਏ ਤਾਂ 2011 ਦੀ ਜਨਗਣਨਾ ਦੇ ਮੁਤਾਬਕ ਪੰਜਾਬ ਵਿਚ ਹਿੰਦੂ ਵੋਟ 38.5 ਫ਼ੀਸਦ ਦੇ ਕਰੀਬ ਹੈ। ਇਹ ਵੱਡਾ ਵੋਟ ਫੀਸਦ ਹੈ ਜੋ ਕਿਸੇ ਵੀ ਚੋਣ ਨਤੀਜਿਆਂ ਨੂੰ ਪ੍ਰਭਾਵਤ ਕਰਨ ਦੇ ਸਮਰੱਥ ਹੈ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱਧੂ ਦੀ ਪਾਕਿਸਤਾਨ ਫੇਰੀ ਤੋਂ ਬਾਅਦ ਦੇਸ਼ ਦਾ ਕੱਟੜ ਹਿੰਦੂ ਵੋਟਰ ਨਵਜੋਤ ਸਿੰਘ ਸਿੱਧੂ ਦੇ ਖ਼ਿਲਾਫ਼ ਹੋ ਗਿਆ ਸੀ । ਇਸ ਕੱਟੜ ਵੋਟਰ ਨੂੰ ਨਵਜੋਤ ਸਿੰਘ ਸਿੱਧੂ ਆਪਣੇ ਅਤੇ ਪਾਰਟੀ ਦੇ ਹੱਕ ਵਿੱਚ ਕਿਵੇਂ ਭੁਗਤਾਉਂਦੇ ਹਨ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਇਸ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਨਵਜੋਤ ਸਿੰਘ ਸਿੱੱਧੂ ਉੱਚੀ ਪ੍ਰਤਿਭਾ ਦੇ ਮਾਲਕ ਹਨ ਅਤੇ ਕਿਸੇ ਵੀ ਸਥਿਤੀ ਨੂੰ ਆਪਣੇ ਪੱਖ ਵਿੱਚ ਕਰਨ ਦੀ ਸਮਰੱਥਾ ਰੱਖਦੇ ਹਨ ਪਰ ਇਸ ਸਭ ਦੇ ਬਾਵਜੂਦ ਇਹ ਚੁਣੌਤੀਆਂ ਨਵਜੋਤ ਸਿੰਘ ਸਿੱਧੂ ਦੇ ਪ੍ਰਧਾਨਗੀ ਵਾਲੇ ਸਫਰ ਨੂੰ ਔਖਾ ਜ਼ਰੂਰ ਬਣਾਉਣਗੀਆਂ ਅਤੇ ਇਹ ਸਭ ਸਿੱਧੂ ਦੇ ਰਾਹਾਂ ਦੇ ਰੋੜੇ ਜਰੂਰ ਬਣਨਗੇ।