ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਨੂੰ ਲੈ ਕੇ ਅੱਜ ਐਨਆਈਏ ਦੀ ਟੀਮ ਵੱਲੋਂ ਗੈਂਗਸਟਰ ਗਗਨ ਜੱਜ ਦੇ ਘਰ ਛਾਪੇਮਾਰੀ ਕੀਤੀ ਗਈ। ਕਰੀਬ ਦੱਸ ਵਜੇ ਪਹੁੰਚੀ ਟੀਮ ਵੱਲੋਂ ਘਰ ਦੀ ਤਲਾਸ਼ੀ ਅਜੇ ਵੀ ਜਾਰੀ ਹੈ। ਦੱਸ ਦੇਈਏ ਕਿ ਲੁਧਿਆਣਾ ਜੇਲ੍ਹ ਵਿੱਚ ਬੰਦ ਗੈਂਗਸਟਰ ਗਗਨ ਜੱਜ ਮ੍ਰਿਤਕ ਗੈਂਗਸਟਰ ਜੈਪਾਲ ਭੁੱਲਰ ਦਾ ਸਾਥੀ ਸੀ ਅਤੇ ਇਨ੍ਹਾਂ ਨੇ ਰਲ ਕੇ ਹੀ ਲੁਧਿਆਣਾ ਵਿੱਚ 34 ਕਿੱਲੋ ਸੋਨੇ ਦੀ ਲੁੱਟ ਨੂੰ ਅੰਜਾਮ ਦਿੱਤਾ ਸੀ।
ਕਰੀਬ ਡੇਢ ਸਾਲ ਪਹਿਲਾਂ ਗਗਨ ਜੱਜ ਨੂੰ ਚੰਡੀਗੜ੍ਹ ਵਿੱਚ ਗ੍ਰਿਫ਼ਤਾਰ ਕਰ ਲਿਆ ਗਿਆ ਸੀ ਅਤੇ ਉਹ ਹੁਣ ਲੁਧਿਆਣਾ ਦੀ ਸੈਂਟਰਲ ਜੇਲ੍ਹ ਵਿੱਚ ਬੰਦ ਹੈ। ਅੱਜ ਅਚਾਨਕ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਫ਼ਿਰੋਜ਼ਪੁਰ ਸਥਿਤ ਗਗਨ ਜੱਜ ਦੇ ਘਰ ਦੀ ਤਲਾਸ਼ੀ ਲਈ ਜਾ ਰਹੀ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਗੈਂਗਸਟਰ ਗਗਨ ਜੱਜ ਦੇ ਘਰ ਵਿੱਚ ਉਸ ਦੀ ਇੱਕ ਭੈਣ ਮੌਜੂਦ ਹੈ। ਇਸ ਬਾਰੇ ਜਦ ਉਨ੍ਹਾਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਨੇ ਗੱਲ ਕਰਨ ਤੋਂ ਮਨ੍ਹਾ ਕਰ ਦਿੱਤਾ ਤੇ ਕਿਹਾ ਕਿ ਐਨਆਈਏ ਦੀ ਟੀਮ ਜਿਵੇਂ ਵੀ ਤਲਾਸ਼ੀ ਲੈਣੀ ਚਾਹੁੰਦੀ ਹੈ ਉਹ ਲੈ ਸਕਦੀ ਹੈ, ਉਨ੍ਹਾਂ ਵੱਲੋਂ ਪੂਰੀ ਮਦਦ ਕੀਤਾ ਜਾਵੇਗੀ ਅਤੇ ਉਨ੍ਹਾਂ ਦਾ ਭਰਾ ਕਰੀਬ ਡੇਢ ਸਾਲ ਤੋਂ ਜੇਲ੍ਹ ਵਿੱਚ ਬੰਦ ਹੈ।
ਗਗਨ ਜੱਜ ਦੇ ਘਰ ਪਹੁੰਚੀ ਐਨਆਈਏ ਦੀ ਟੀਮ ਵੱਲੋਂ ਲੋਕਲ ਪੁਲੀਸ ਨੂੰ ਵੀ ਇਸ ਮਾਮਲੇ ਤੋਂ ਦੂਰ ਕਰ ਦਿੱਤਾ ਗਿਆ ਹੈ ਅਤੇ ਆਪਣੇ ਪੱਧਰ ਤੇ ਹੀ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ। ਚਰਚਾ ਹੈ ਕਿ 34 ਕਿੱਲੋ ਹੋਏ ਸੋਨੇ ਦੀ ਲੁੱਟ ਵਿੱਚੋਂ ਕੁਝ ਸੋਨਾ ਗੈਂਗਸਟਰ ਗਗਨ ਜੱਜ ਦੇ ਘਰ ਵਿਚ ਲੁਕੋ ਕੇ ਰੱਖਿਆ ਗਿਆ ਹੋ ਸਕਦਾ ਹੈ, ਇਸੇ ਸ਼ੱਕ ਦੇ ਤਹਿਤ ਉਸ ਦੇ ਘਰ ਦੀ ਤਲਾਸ਼ੀ ਕੀਤੀ ਜਾ ਰਹੀ ਹੈ।