Site icon TV Punjab | English News Channel

ਭਾਰਤ ਦੇ ਖਾਤੇ ‘ਚ ਪਹਿਲਾ ਮੈਡਲ, ਵੇਟਲਿਫਟਿੰਗ ਵਿਚ ਜਿਤਿਆ ਚਾਂਦੀ ਦਾ ਤਮਗਾ

ਟੋਕੀਓ : ਟੋਕੀਓ ਉਲੰਪਿਕਸ ‘ਚ ਭਾਰਤ ਨੇ ਮੈਡਲ ਜਿੱਤਣ ਦੀ ਸ਼ੁਰੂਆਤ ਕਰ ਦਿੱਤੀ ਹੈ। ਭਾਰਤ ਨੂੰ 49 ਕਿੱਲੋ ਭਾਰ ਵਰਗ ਵਿਚ ਵੇਟਲਿਫਟਿੰਗ ਵਿਚ ਪਹਿਲਾ ਤਮਗਾ ਮਿਲਿਆ ਹੈ। 21 ਸਾਲਾਂ ਬਾਅਦ ਭਾਰਤ ਨੇ ਵੇਟਲਿਫਟਿੰਗ ਵਿਚ ਤਮਗਾ ਜਿੱਤਿਆ ਹੈ। ਭਾਰਤ ਨੇ ਟੋਕੀਓ ਉਲੰਪਿਕ ਵਿਚ ਵੇਟਲਿਫਟਿੰਗ ਵਿਚ ਚਾਂਦੀ ਦਾ ਤਮਗਾ ਜਿੱਤਿਆ ਹੈ। ਭਾਰਤ ਲਈ ਪਹਿਲਾ ਤਮਗਾ ਮੀਰਾਬਾਈ ਚਾਨੂ ਨੇ ਜਿੱਤਿਆ ਹੈ।

ਰਾਸ਼ਟਰਪਤੀ,ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਧਾਈ

ਭਾਰਤ ਲਈ 49 ਕਿੱਲੋ ਭਾਰ ਵਰਗ ਵਿਚ ਵੇਟਲਿਫਟਿੰਗ ਵਿਚ ਪਹਿਲਾ ਤਮਗਾ ਜਿੱਤਣ ਵਾਲੀ ਮੀਰਾਬਾਈ ਚਾਨੂ ਨੂੰ ਭਾਰਤ ਦੇ ਰਾਸ਼ਟਰਪਤੀ,ਪ੍ਰਧਾਨ ਮੰਤਰੀ ਤੋਂ ਇਲਾਵਾ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਧਾਈ ਦਿੱਤੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ਨਿਚਰਵਾਰ ਨੂੰ ਭਾਰਤ ਦੀ ਵੇਟਲਿਫਟਰ ਸਾਈਖੋਮ ਮੀਰਾਬਾਈ ਚਾਨੂ ਵੱਲੋਂ ਟੋਕੀਓ ਉਲੰਪਿਕ ਖੇਡਾਂ ਵਿਚ ਪਹਿਲੇ ਹੀ ਦਿਨ ਚਾਂਦੀ ਦਾ ਤਮਗਾ ਜਿੱਤਣ ‘ਤੇ ਮੁਬਾਰਕਬਾਦ ਦਿੱਤੀ ਹੈ।

ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਟਵੀਟ ਕੀਤਾ, ”ਸਾਡਾ ਪਹਿਲਾ ਮੈਡਲ, ਸਾਈਖੋਮ ਮੀਰਾਬਾਈ ਚਾਨੂ ਨੂੰ ਟੋਕੀਓ ਉਲੰਪਿਕਸ ਵਿਚ ਚਾਂਦੀ ਦਾ ਮੈਡਲ ਜਿੱਤਣ ‘ਤੇ ਵਧਾਈਆਂ ਜਿਸ ਨੇ ਔਰਤਾਂ ਦੇ 49 ਕਿਲੋ ਭਾਰ ਵਰਗ ਵਿਚ ਕੁੱਲ 202 ਕਿਲੋ ਭਾਰ ਚੁੱਕਿਆ। ਭਾਰਤ ਨੂੰ ਤੁਹਾਡੀ ਇਸ ਪ੍ਰਾਪਤੀ ‘ਤੇ ਬਹੁਤ ਮਾਣ ਹੈ।”

ਇਸੇ ਦੌਰਾਨ ਮੁੱਖ ਮੰਤਰੀ ਨੇ ਚਾਨੂ ਦੇ ਸਹਾਇਕ ਕੋਚ ਸੰਦੀਪ ਕੁਮਾਰ ਜੋ ਪੰਜਾਬ ਪੁਲਿਸ ਵਿਚ ਇੰਸਪੈਕਟਰ ਵਜੋਂ ਸੇਵਾਵਾਂ ਨਿਭਾ ਰਹੇ ਹਨ, ਨੂੰ ਵੀ ਵਧਾਈ ਦਿੰਦਿਆਂ ਕਿਹਾ ਕਿ ਕੋਚਾਂ ਦੇ ਮਾਰਗ ਦਰਸ਼ਨ ਹੇਠ ਚਾਨੂ ਨੇ ਆਪਣੀ ਪ੍ਰਤਿਭਾ ਦਾ ਲੋਹਾ ਮਨਾਉਂਦਿਆਂ ਭਾਰਤ ਦਾ ਨਾਂਅ ਰੌਸ਼ਨ ਕੀਤਾ ਹੈ

ਟੀਵੀ ਪੰਜਾਬ ਬਿਊਰੋ