ਲੁਧਿਆਣਾ- ਇਕ ਹਫ਼ਤੇ ਅੰਦਰ-ਅੰਦਰ ਮੋਗਾ ਅਤੇ ਖੰਨਾ ਵਿਚੋਂ ਖਾਲਿਸਤਾਨ ਲਿਬਰੇਸ਼ਨ ਫੋਰਸ (ਕੇ. ਐੱਲ. ਐੱਫ.) ਦੇ ਅੱਤਵਾਦੀ ਫੜ੍ਹੇ ਜਾਣ ਤੋਂ ਬਾਅਦ ਪੁਲਸ ਚੌਕੰਨੀ ਹੋ ਗਈ ਹੈ। ਭਰੋਸੇਯੋਗ ਸੂਤਰਾਂ ਦਿੱਤੀ ਗਈ ਜਾਣਕਾਰੀ ਮੁਤਾਬਕ ਪੁੱਛਗਿੱਛ ’ਚ ਸਾਹਮਣੇ ਆਇਆ ਸੀ ਕਿ ਇਹ ਲੋਕ ਪੰਜਾਬ ਵਿਚ ਟਾਰਗੈੱਟ ਕਿਲਿੰਗ ਅਤੇ ਅੱਤਵਾਦੀ ਗਤੀਵਿਧੀਆਂ ਦੀ ਫਿਰਾਕ ਦੇ ਵਿਚ ਸਨ। ਪੁਲਿਸ ਨੂੰ ਇਹ ਇਨਪੁਟ ਮਿਲੇ ਹਨ ਕਿ ਲੁਧਿਆਣਾ ਦੇ ਬੱਸ ਅੱਡਾ, ਪਾਰਕਿੰਗ ਅਤੇ ਧਾਰਮਿਕ ਅਸਥਾਨ, ਰੇਲਵੇ ਸਟੇਸ਼ਨ, ਮਾਲਜ਼ ਅਤੇ ਹੋਰਨਾਂ ਭੀੜ ਵਾਲੀਆਂ ਥਾਵਾਂ ’ਤੇ ਅੱਤਵਾਦੀ ਗਤੀਵਿਧੀਆਂ ਹੋਣ ਦੀ ਸੰਭਾਵਨਾ ਹੋ ਸਕਦੀ ਹੈ।
ਇਹ ਗੱਲ ਸਾਹਮਣੇ ਆਉਣ ਤੋਂ ਬਾਅਦ ਖੁਫ਼ੀਆ ਤੰਤਰ ਵੀ ਚੌਕਸ ਹੋ ਗਿਆ ਹੈ। ਪਤਾ ਲੱਗਾ ਹੈ ਕਿ ਖੁਫ਼ੀਆ ਏਜੰਸੀਆਂ ਨੇ ਪੰਜਾਬ ਪੁਲਸ ਨੂੰ ਅਲਰਟ ਵੀ ਜਾਰੀ ਕੀਤਾ ਹੈ। ਪੁਲਸ ਨੇ ਸ਼ੱਕੀ ਥਾਵਾਂ ’ਤੇ ਚੈਕਿੰਗ ਤੇ ਸਰਚ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਹਾਲਾਂਕਿ ਅੱਤਵਾਦੀ ਹਮਲੇ ਸਬੰਧੀ ਅਜੇ ਕਿਸੇ ਉੱਚ ਅਧਿਕਾਰੀ ਨੇ ਸਪੱਸ਼ਟ ਨਹੀਂ ਕੀਤਾ ਹੈ।
ਇਸੇ ਡਰ ਦੇ ਤਹਿਤ ਵੀਰਵਾਰ ਨੂੰ ਏ. ਡੀ. ਸੀ. ਪੀ.-1 ਪ੍ਰਗਿਆ ਜੈਨ ਦੀ ਅਗਵਾਈ ’ਚ ਏ. ਸੀ. ਪੀ. (ਸੈਂਟਰਲ) ਵਰਿਆਮ ਸਿੰਘ, ਥਾਣਾ ਕੋਤਵਾਲੀ ਦੀ ਪੁਲਸ ਫੋਰਸ ਅਤੇ ਪੀ. ਸੀ. ਆਰ. ਟੀਮਾਂ ਨੇ ਸਵੇਰੇ ਰੇਲਵੇ ਸਟੇਸ਼ਨ ’ਤੇ ਚੈਕਿੰਗ ਕੀਤੀ। ਇਸ ਦੌਰਾਨ
ਤਕਰੀਬਨ ਹਰ ਆਉਣ-ਜਾਣ ਵਾਲੇ ਲੋਕਾਂ ਦੇ ਬੈਗ ਚੈੱਕ ਕੀਤੇ ਗਏ। ਟ੍ਰੇਨ ਦੇ ਅੰਦਰ ਬੈਠੇ ਲੋਕਾਂ ਤੋਂ ਵੀ ਪੁੱਛਗਿੱਛ ਕਰ ਕੇ ਉਨ੍ਹਾਂ ਦੇ ਸਮਾਨ ਦੀ ਤਲਾਸ਼ੀ ਲਈ ਗਈ। ਇਸ ਤੋਂ ਬਾਅਦ ਦੁਪਹਿਰ ਨੂੰ ਨਗਰ ਨਿਗਮ ਦੇ ਜ਼ੋਨ-ਏ ਦੇ ਕੋਲ ਸਥਿਤ ਮਲਟੀਸਟੋਰੀ ਪਾਰਕਿੰਗ ਦੀ ਚੈਕਿੰਗ ਕੀਤੀ ਗਈ। ਪਾਰਕਿੰਗ ’ਚ ਆਉਣ-ਜਾਣ ਵਾਲੀਆਂ ਗੱਡੀਆਂ ਦੀ ਸਰਚ ਅਤੇ ਉਨ੍ਹਾਂ ਦੇ ਦਸਤਾਵੇਜ਼ ਚੈੱਕ ਕਰਨ ਦੇ ਨਾਲ ਹੀ ਰਜਿਸਟ੍ਰੇਸ਼ਨ ਨੰਬਰ ਵੀ ਨੋਟ ਕੀਤੇ ਗਏ। ਇਸੇ ਤਰ੍ਹਾਂ ਸ਼ਹਿਰ ਦੇ ਮਾਲਜ਼, ਧਾਰਮਿਕ ਸਥਾਨਾਂ ’ਤੇ ਵੀ ਪੁਲਸ ਨੇ ਚੌਕਸੀ ਵਧਾ ਦਿੱਤੀ ਹੈ ।
ਟੀਵੀ ਪੰਜਾਬ ਬਿਊਰੋ