ਜੰਮੂ : ਜੰਮੂ -ਕਸ਼ਮੀਰ ਦੇ ਰਾਜੌਰੀ ਵਿਚ ਵੀਰਵਾਰ ਨੂੰ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਫੌਜ ਦਾ ਇਕ ਜੂਨੀਅਰ ਕਮਿਸ਼ਨਡ ਅਫਸਰ (ਜੇਸੀਓ) ਸ਼ਹੀਦ ਹੋ ਗਿਆ ਅਤੇ ਇਕ ਅੱਤਵਾਦੀ ਵੀ ਮਾਰਿਆ ਗਿਆ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਥਾਨਾਮੰਡੀ ਇਲਾਕੇ ਵਿਚ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸੁਰੱਖਿਆ ਬਲਾਂ ਨੇ ਤਲਾਸ਼ੀ ਮੁਹਿੰਮ ਚਲਾਈ।
ਉਨ੍ਹਾਂ ਕਿਹਾ ਕਿ ਆਪਰੇਸ਼ਨ ਦੌਰਾਨ ਅੱਤਵਾਦੀਆਂ ਨੇ ਸੁਰੱਖਿਆ ਬਲਾਂ ‘ਤੇ ਗੋਲੀਬਾਰੀ ਕੀਤੀ, ਜਿਸ ਤੋਂ ਬਾਅਦ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਅਤੇ ਮੁਕਾਬਲਾ ਸ਼ੁਰੂ ਹੋ ਗਿਆ। ਜੰਮੂ ਵਿਚ ਰੱਖਿਆ ਲੋਕ ਸੰਪਰਕ ਅਧਿਕਾਰੀ (ਪੀਆਰਓ) ਲੈਫਟੀਨੈਂਟ ਕਰਨਲ ਦੇਵੇਂਦਰ ਆਨੰਦ ਨੇ ਕਿਹਾ ਮੁਕਾਬਲੇ ਦੌਰਾਨ ਰਾਸ਼ਟਰੀ ਰਾਈਫਲਜ਼ ਦੇ ਇਕ ਜੇਸੀਓ ਨੂੰ ਗੋਲੀਆਂ ਲੱਗੀਆਂ।ਜੇਸੀਓ ਨੂੰ ਤੁਰੰਤ ਮੈਡੀਕਲ ਸੈਂਟਰ ਲਿਜਾਇਆ ਗਿਆ ਪਰ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ ਜਿਸ ਕਾਰਨ ਉਹ ਸ਼ਹੀਦ ਹੋ ਗਿਆ।
ਅਧਿਕਾਰੀਆਂ ਨੇ ਦੱਸਿਆ ਕਿ ਮੁਕਾਬਲੇ ਵਿਚ ਇਕ ਅੱਤਵਾਦੀ ਵੀ ਮਾਰਿਆ ਗਿਆ। ਰਾਜੌਰੀ ਪੁਲਿਸ ਸੁਪਰਡੈਂਟ ਸ਼ੀਮਾ ਨਬੀ ਕਸਬਾ ਨੇ ਦੱਸਿਆ ਕਿ ਮੁਕਾਬਲਾ ਚੱਲ ਰਿਹਾ ਹੈ। ਅਗਸਤ ਵਿਚ ਇਸ ਖੇਤਰ ਵਿਚ ਇਹ ਦੂਜਾ ਮੁਕਾਬਲਾ ਹੈ। ਇਸ ਤੋਂ ਪਹਿਲਾਂ 6 ਅਗਸਤ ਨੂੰ ਥਾਨਾਮੰਡੀ ਇਲਾਕੇ ਵਿਚ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਵਿਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਮਾਰੇ ਗਏ ਸਨ।
ਟੀਵੀ ਪੰਜਾਬ ਬਿਊਰੋ