ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ –
ਪੰਜਾਬ ਦੇ ਸਿਆਸੀ ਹਲਕਿਆਂ ਵਿੱਚ ਅੱਜ ਉਸ ਸਮੇਂ ਭੂਚਾਲ ਆ ਗਿਆ ਜਦੋਂ ਬੇਅਦਬੀ ਮਾਮਲੇ ਦੀ ਜਾਂਚ ਕਰਨ ਵਾਲੀ ਸਿੱਟ ਦੇ ਮੁਖੀ ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ । ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ‘ਆਪ’ ਵਿੱਚ ਸ਼ਾਮਲ ਹੋਣ ਦੀ ਚਰਚਾ ਦੋ ਦਿਨ ਪਹਿਲਾਂ ਹੀ ਗਰਮਾ ਗਈ ਸੀ। ਇਸ ਦੇ ਨਾਲ-ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਦੇ ਰਾਜਨੀਤੀ ਵਿਚ ਆਉਣ ਦੇ ਮਨਸੂਬੇ ਅਤੇ ਬੇਅਦਬੀ ਮਾਮਲੇ ਉੱਤੇ ਉਨ੍ਹਾਂ ਵੱਲੋਂ ਕੀਤੀ ਗਈ ਜਾਂਚ ਉੱਤੇ ਵੀ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ।
ਕੁੰਵਰ ਵਿਜੇ ਪ੍ਰਤਾਪ ਦੇ ਆਪ ਵਿੱਚ ਸ਼ਾਮਲ ਹੋਣ ਤੋਂ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਨੇ ਪ੍ਰੈੱਸ ਕਾਨਫਰੰਸ ਕੀਤੀ ਅਤੇ ਕਿਹਾ ਕਿ ਤਸਵੀਰ ਬਿਲਕੁਲ ਸਾਫ਼ ਹੋ ਗਈ ਹੈ ਕਿ ਬੇਅਦਬੀ ਮਾਮਲੇ ਉੱਤੇ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਬਾਦਲ ਪਰਿਵਾਰ ਵੱਲ ਕਿਉਂ ਜਾ ਰਹੀ ਸੀ? ਉਨ੍ਹਾਂ ਕਿਹਾ ਕਿ ਬੇਅਦਬੀ ਵਰਗੇ ਸੰਵੇਦਨਸ਼ੀਲ ਮੁੱਦੇ ‘ਤੇ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਕੇਜਰੀਵਾਲ ਅਤੇ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ਤੇ ਪੰਜਾਬ ਦੇ ਲੋਕਾਂ ਨਾਲ ਧ੍ਰੋਹ ਕਮਾਇਆ ਹੈ। ਉਨ੍ਹਾਂ ਕਿਹਾ ਕਿ ਹਾਈ ਕੋਰਟ ਨੇ ਇਸੇ ਕਰਕੇ ਹੀ ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਨੂੰ ਇਸੇ ਕਰਕੇ ਰੱਦ ਕਰ ਦਿੱਤਾ ਸੀ ਕਿਉਂਕਿ ਉਹ ਸਿਆਸਤ ਤੋਂ ਪ੍ਰੇਰਤ ਅਤੇ ਬਦਲਾਖੋਰੀ ਦੀ ਭਾਵਨਾ ਨਾਲ ਤਿਆਰ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਰਚੇ ਗਏ ਇਸ ਸ਼ਡਯੰਤਰ ਦੇ ਦੋਸ਼ ਵਿੱਚ ਉਨ੍ਹਾਂ ‘ਤੇ ਪਰਚਾ ਦਰਜ ਕੀਤਾ ਜਾਣਾ ਚਾਹੀਦਾ ਹੈ।
ਇਸ ਸਭ ਦੇ ਉਲਟ ਜਾਂਚ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਅਨੇਕਾਂ ਵਾਰ ਬਿਆਨ ਜਾਰੀ ਕੀਤਾ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਅਫ਼ਸਰ ਹਨ ਅਤੇ ਬੇਅਦਬੀ ਮਾਮਲੇ ਉੱਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਕੇ ਦਿਖਾਉਣਗੇ। ਇੱਥੇ ਹੀ ਬੱਸ ਨਹੀਂ ਪਿਛਲੇ ਸਮੇਂ ਦੌਰਾਨ ਕਈ ਸਿੱਖ ਜੱਥੇਬੰਦੀਆਂ ਨੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਉਨ੍ਹਾਂ ਦੇ ਕੰਮ ਤੋਂ ਖੁਸ਼ ਹੋ ਕੇ ਗੋਲਡ ਮੈਡਲ ਦੇ ਕੇ ਸਨਮਾਨਤ ਕੀਤਾ ਸੀ।
ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਜਾਂਚ ਵਿਚ ਸਨ ਕਿਹੜੀਆਂ ਕਮੀਆਂ
ਕੁੰਵਰ ਵਿਜੇ ਪ੍ਰਤਾਪ ਸਿੰਘ ਉਹ ਅਫ਼ਸਰ ਸਨ ਜਿਨ੍ਹਾਂ ਨੇ ਆਪਣੇ 22 ਸਾਲ ਦੇ ਕਾਰਜਕਾਲ ਦੌਰਾਨ ਕਈ ਹਾਈ ਪ੍ਰੋਫਾਇਲ ਕੇਸਾਂ ‘ਤੇ ਕੰਮ ਕੀਤਾ । ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਖ਼ਾਸ ਤੌਰ ‘ਤੇ ਬਹਿਬਲ ਕਲਾਂ ਅਤੇ ਕੋਟਕਪੂਰਾ ਗੋਲੀ ਕਾਂਡ ਦੀ ਜਾਂਚ ਲਈ ਗਠਿਤ ਵਿਸ਼ੇਸ਼ ਜਾਂਚ ਟੀਮ ਦੇ ਚੀਫ਼ ਵਜੋਂ ਕੰਮ ਸੌਂਪਿਆ ਸੀ। ਇਸ ਜਾਂਚ ਦੌਰਾਨ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ, ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਪੰਜਾਬ ਪੁਲਿਸ ਦੇ ਸਾਬਕਾ ਡੀਜੀਪੀ ਸੁਮੇਧ ਸਿੰਘ ਸੈਣੀ ਅਤੇ ਅਦਾਕਾਰ ਅਕਸ਼ੈ ਕੁਮਾਰ ਤੋਂ ਪੁੱਛਗਿੱਛ ਕੀਤੀ ਸੀ। ਇਸ ਤੋਂ ਇਲਾਵਾ ਕੁੰਵਰ ਵਿਜੈ ਪ੍ਰਤਾਪ ਸਿੰਘ ਨੇ ਮੁਅੱਤਲ ਆਈਜੀ ਪਰਮਰਾਜ ਸਿੰਘ ਉਮਰਾਨੰਗਲ, ਸਾਬਕਾ ਐਸਐਸਪੀ ਚਰਨਜੀਤ ਸ਼ਰਮਾ ਅਤੇ ਕਈ ਹੋਰ ਪੁਲਿਸ ਅਫ਼ਸਰਾਂ ਨੂੰ ਗ੍ਰਿਫ਼ਤਾਰ ਕੀਤਾ ਸੀ । ਇਸ ਤੋਂ ਇਲਾਵਾ ਗੋਲ਼ੀ ਕਾਂਡ ਮਾਮਲੇ ‘ਤੇ ਪੇਸ਼ ਕੀਤੀ ਗਈ ਕੁੰਵਰ ਵਿਜੈ ਪ੍ਰਤਾਪ ਸਿੰਘ ਦੀ ਰਿਪੋਰਟ ਵਿਚ ਇਹ ਦੱਸਿਆ ਗਿਆ ਸੀ ਕਿ ਮੌਕੇ ‘ਤੇ ਮੌਜੂਦ ਪੁਲਿਸ ਅਧਿਕਾਰੀਆਂ ਨਾਲ ਤਤਕਾਲੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਿੰਨੀ ਵਾਰ ਅਤੇ ਕਿੰਨੇ ਵਜੇ ਗੱਲਬਾਤ ਹੋਈ ਪਰ ਇਸ ਰਿਪੋਰਟ ਵਿੱਚ ਇਹ ਨਹੀਂ ਸੀ ਦੱਸਿਆ ਗਿਆ ਕਿ ਉਨ੍ਹਾਂ ਦੀ ਪੁਲਸ ਅਧਿਕਾਰੀਆਂ ਨਾਲ ਕਿਹੜੀ ਗੱਲਬਾਤ ਹੋਈ ਸੀ ਅਤੇ ਕੀ ਗੋਲੀ ਚਲਾਉਣ ਦੇ ਹੁਕਮ ਪਰਕਾਸ਼ ਸਿੰਘ ਬਾਦਲ ਨੇ ਦਿੱਤੇ ਸਨ ਜਾਂ ਪੁਲਸ ਅਫ਼ਸਰਾਂ ਨੇ ਆਪਣੀ ਮਰਜ਼ੀ ਨਾਲ ਗੋਲੀ ਚਲਾਈ ਸੀ।
ਸਵਾਲ ਇਹ ਖੜ੍ਹਾ ਹੁੰਦਾ ਹੈ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਪਰਕਾਸ਼ ਸਿੰਘ ਬਾਦਲ ਦੀ ਅਧਿਕਾਰੀਆਂ ਨਾਲ ਸਮੁੱਚੀ ਕਾਲ ਡਿਟੇਲ ਖੰਗਾਲੀ ਗਈ ਸੀ ਤਾਂ ਉਸ ਵਿੱਚ ਇਹ ਵੀ ਪਤਾ ਲੱਗ ਗਿਆ ਹੋਵੇਗਾ ਕਿ ਗੋਲੀ ਚਲਾਉਣ ਦੇ ਹੁਕਮ ਕਿਸ ਨੇ ਦਿੱਤੇ ਸਨ। ਜੇਕਰ ਗੋਲੀ ਚਲਾਉਣ ਦੇ ਹੁਕਮਾਂ ਬਾਰੇ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਪਤਾ ਲੱਗ ਚੁੱਕਾ ਸੀ ਤਾਂ ਉਸ ਨੇ ਇਨ੍ਹਾਂ ਤੱਥਾਂ ਨੂੰ ਰਿਪੋਰਟ ਵਿੱਚ ਕਿਉਂ ਪੇਸ਼ ਨਹੀਂ ਕੀਤਾ ? ਇਸ ਦੇ ਨਾਲ-ਨਾਲ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਰਾਮ ਰਹੀਮ ਦੀ ਫਿਲਮ ਨੂੰ ਰਿਲੀਜ਼ ਕਰਾਉਣ ਬਾਰੇ ਅਤੇ ਅਕਸ਼ੈ ਕੁਮਾਰ ਦੀ ਇਸ ਵਿੱਚ ਵਿਚੋਲੇ ਦੀ ਭੂਮਿਕਾ ਨਿਭਾਉਣ ਵਾਲੇ ਤੱਥ ਵੀ ਸੰਪੂਰਨ ਨਹੀਂ ਸਨ। ਇਹ ਸਾਰੇ ਤੱਥ ਕਲਪਨਾ ਦੇ ਆਧਾਰ ‘ਤੇ ਕਿਸੇ ਫਿਲਮ ਦੀ ਸਟੋਰੀ ਵਾਂਗ ਪੇਸ਼ ਕੀਤੇ ਗਏ ਸਨ।
ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਜੇਕਰ ਆਪਣੀ ਰਿਪੋਰਟ ਵਿਚ ਇਹ ਤੱਥ ਸਹੀ ਸਬੂਤਾਂ ਦੇ ਅਧਾਰ ‘ਤੇ ਠੀਕ ਢੰਗ ਨਾਲ਼ ਪੇਸ਼ ਕੀਤੇ ਗਏ ਹੁੰਦੇ ਤਾਂ ਹੁਣ ਤਕ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਗਿਆ ਹੁੰਦਾ।
ਇਸ ਦੇ ਉਲਟ ਕੁੰਵਰ ਵਿਜੇ ਪ੍ਰਤਾਪ ਸਿੰਘ ਨੇ ਰਿਪੋਰਟ ਨੂੰ ਇਸ ਢੰਗ ਨਾਲ ਪੇਸ਼ ਕੀਤਾ ਕਿ ਸਿਆਸੀ ਪਾਰਟੀਆਂ ਨੇ ਇਸਦਾ ਖੂਬ ਲਾਹਾ ਲਿਆ। ਲੋਕ ਸਭਾ ਚੋਣਾਂ 2019 ਦੌਰਾਨ ਬੇਅਦਬੀ ਦਾ ਮੁੱਦਾ ਹੀ ਮੁੱਖ ਚੋਣ ਮੁੱਦਾ ਬਣਿਆ ਰਿਹਾ ਅਤੇ ਮੌਜੂਦਾ ਵਿਧਾਨ ਸਭਾ ਚੋਣਾਂ ਦੌਰਾਨ ਵੀ ਬੇਅਦਬੀ ਦਾ ਮੁੱਦਾ ਹੀ ਮੁੱਖ ਚੋਣ ਮੁੱਦਾ ਬਣਦਾ ਨਜ਼ਰ ਆ ਰਿਹਾ ਹੈ।
ਟੀਵੀ ਪੰਜਾਬ ਬਿਊਰੋ