ਵੱਡੀ ਖ਼ਬਰ : ਕੱਲ੍ਹ ‘ਆਪ’ ਵਿਚ ਸ਼ਾਮਲ ਹੋ ਸਕਦੇ ਹਨ ਕੁੰਵਰ ਵਿਜੇ ਪ੍ਰਤਾਪ ਸਿੰਘ

FacebookTwitterWhatsAppCopy Link

ਟੀਵੀ ਪੰਜਾਬ ਬਿਊਰੋ: ਬੇਅਦਬੀ ਮਾਮਲੇ ਵਿਚ ਜਾਂਚ ਕਰਨ ਵਾਲੀ ਐੱਸ. ਆਈ. ਟੀ. ਦੇ ਮੁਖੀ ਰਹਿ ਚੁੱਕੇ ਸਾਬਕਾ ਆਈ. ਜੀ. ਕੁੰਵਰ ਵਿਜੇ ਪ੍ਰਤਾਪ ਸਿੰਘ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ। ਭਰੋਸੇਯੋਗ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਕੱਲ੍ਹ ਮਤਲਬ ਸੋਮਵਾਰ ਨੂੰ ਕੁੰਵਰ ਵਿਜੇ ਪ੍ਰਤਾਪ ਆਮ ਆਦਮੀ ਪਾਰਟੀ ਦਾ ਹਿੱਸਾ ਬਣ ਸਕਦੇ ਹਨ। ਕਿਹਾ ਜਾ ਰਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖੁਦ ਕੁੰਵਰ ਵਿਜੇ ਪ੍ਰਤਾਪ ਨੂੰ ਆਮ ਆਦਮੀ ਪਾਰਟੀ ਵਿਚ ਸ਼ਾਮਲ ਕਰਨਗੇ। ਇਸ ਲਈ ਉਹ ਕੱਲ੍ਹ 11 ਵਜੇ ਅੰਮ੍ਰਿਤਸਰ ਪਹੁੰਚ ਰਹੇ ਹਨ।

ਭਾਵੇਂ ਕੁੰਵਰ ਵਿਜੇ ਪ੍ਰਤਾਪ ਦੇ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਣ ਦੀ ਕੋਈ ਅਧਿਕਾਰਕ ਤੌਰ ’ਤੇ ਪੁਸ਼ਟੀ ਤਾਂ ਨਹੀਂ ਹੋਈ ਹੈ ਪਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਵੀ ਇਸ ਦੇ ਸੰਕੇਤ ਜ਼ਰੂਰ ਦਿੱਤੇ ਹਨ। ਕੇਜਰੀਵਾਲ ਨੇ ਟਵੀਟ ਕਰਕੇ ਅੰਮ੍ਰਿਤਸਰ ਆਉਣ ਦੀ ਜਾਣਕਾਰੀ ਦਿੱਤੀ ਹੈ। ਕੇਜਰੀਵਾਲ ਨੇ ਟਵੀਟ ਕਰਦੇ ਹੋਏ ਆਖਿਆ ਹੈ ਕਿ ਪੰਜਾਬ ਬਦਲਾਅ ਚਾਹੁੰਦਾ ਹੈ ਅਤੇ ਲੋਕਾਂ ਨੂੰ ਸਿਰਫ ਆਮ ਆਦਮੀ ਪਾਰਟੀ ਹੀ ਤੋਂ ਉਮੀਦਾਂ ਹਨ। ਕੱਲ੍ਹ ਅੰਮ੍ਰਿਤਸਰ ਵਿਚ ਮਿਲਦੇ ਹਾਂ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਪਹਿਲਾਂ ਤੋਂ ਹੀ ਦੋਸ਼ ਲਗਾਉਂਦੇ ਆ ਰਹੇ ਹਨ ਕਿ ਬੇਅਦਬੀ ਮਾਮਲੇ ‘ਤੇ ਕੁੰਵਰ ਵਿਜੇ ਪ੍ਰਤਾਪ ਦੀ ਜਾਂਚ ਸਿਆਸਤ ਤੋਂ ਪ੍ਰੇਰਤ ਹੈ ਅਤੇ ਉਹ ਅਕਾਲੀ ਦਲ ਨੂੰ ਢਾਹ ਲਗਾਉਣ ਵਾਲੀ ਜਾਂਚ ਕਰ ਰਹੇ ਹਨ। ਉਨ੍ਹਾਂ ਮੁਤਾਬਕ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਸਭ ਕੁੱਝ ਕੀਤਾ ਜਾ ਰਿਹਾ ਸੀ। ਅਕਾਲੀ ਦਲ ਇਹ ਵੀ ਆਖ ਚੁੱਕਾ ਹੈ ਕਿ ਕੁੰਵਰ ਵਿਜੇ ਪ੍ਰਤਾਪ ਸਿਆਸੀ ਜ਼ਮੀਨ ਦੀ ਭਾਲ ਵਿਚ ਹੈ, ਜਿਸ ਕਾਰਣ ਉਸ ਵਲੋਂ ਆਪਣੇ ਆਕਾਵਾਂ ਨੂੰ ਖ਼ੁਸ਼ ਕਰਣ ਲਈ ਅਕਾਲੀ ਦਲ ਖ਼ਿਲਾਫ਼ ਜਾਂਚ ਕੀਤੀ ਜਾ ਰਹੀ ਹੈ।
ਗੌਰਤਲਬ ਹੈ ਕਿ ਜੇਕਰ ਕੁੰਵਰ ਵਿਜੇ ਪ੍ਰਤਾਪ ਸਿੰਘ ਜੇਕਰ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਜਾਂਦੇ ਹਨ ਤਾਂ ਅਕਾਲੀ ਦਲ ਵਲੋਂ ਲਗਾਏ ਗਏ ਦੋਸ਼ ਸਹੀ ਸਾਬਤ ਹੁੰਦੇ ਦਿਖਾਈ ਦੇਣਗੇ।