ਵਿਸ਼ੇਸ਼ ਰਿਪੋਰਟ (ਜਸਬੀਰ ਵਾਟਾਂਵਾਲੀ)
ਕਾਂਗਰਸ ਦੇ ਸਾਬਕਾ ਮੰਤਰੀ ਅਤੇ ਸਾਬਕਾ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਆਏ ਦਿਨ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਕੋਈ ਨਾ ਕੋਈ ਬਿਆਨਬਾਜ਼ੀ ਕਰ ਰਹੇ ਹਨ। ਇਸੇ ਤਰ੍ਹਾਂ ਕੈਪਟਨ ਅਮਰਿੰਦਰ ਤੋਂ ਨਰਾਜ਼ ਕਾਂਗਰਸੀ ਮੰਤਰੀਆਂ ਅਤੇ ਵਿਧਾਇਕਾਂ ਦਾ ਹੋਰ ਖੇਮਾ ਵੀ ਕੈਪਟਨ ਖ਼ਿਲਾਫ਼ ਪੂਰੀ ਤਰ੍ਹਾਂ ਸਰਗਰਮ ਹੈ। ਦੂਜੇ ਪਾਸੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਕ ਖੇਮਾ ਵੀ ਬਾਹਾਂ ਟੰਗੀ ਰਿਹਾ ਹੈ ਅਤੇ ਵਿਰੋਧੀਆਂ ਨੂੰ ਜਵਾਬ ਦੇਣ ਲਈ ਉਤਾਵਲਾ ਹੋਇਆ ਬੈਠਾ ਹੈ ਪਰ ਇਸ ਸਭ ਦੇ ਬਾਵਜੂਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸਾਰੇ ਸਮਰਥਕਾਂ ਅਤੇ ਨਜ਼ਦੀਕੀਆਂ ਨੂੰ ਨਵਜੋਤ ਸਿੱਧੂ ਅਤੇ ਹੋਰ ਵਿਰੋਧੀਆਂ ਖ਼ਿਲਾਫ਼ ਕੋਈ ਵੀ ਬਿਆਨਬਾਜ਼ੀ ਕਰਨ ਤੋਂ ਮਨ੍ਹਾ ਕੀਤਾ ਗਿਆ ਹੈ।
ਹੁਣ ਖਬਰਾਂ ਸਾਹਮਣੇ ਆ ਰਹੀਆਂ ਹਨ ਕਿ ਕੱਲ੍ਹ ਯਾਨੀ 27 ਮਈ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਆਪਣੇ ਸਾਰੇ ਸਮਰਥਕ ਕਾਂਗਰਸੀ ਵਿਧਾਇਕਾਂ ਨਾਲ ਵਰਚੂਅਲ ਮੀਟਿੰਗ ਬੁਲਾਈ ਜਾਣੀ ਹੈ। ਇਸ ਮੀਟਿੰਗ ਦਾ ਏਜੰਡਾ ਮਿਸ਼ਨ-2022 ਨੂੰ ਫਤਿਹ ਕਰਨਾ ਰੱਖਿਆ ਗਿਆ ਹੈ ਪਰ ਸੂਤਰਾਂ ਮੁਤਾਬਕ ਇਸ ਮੀਟਿੰਗ ਵਿਚ ਨਵਜੋਤ ਸਿੱਧੂ ਅਤੇ ਪਾਰਟੀ ਦੇ ਹੋਰ ਅੰਦਰੂਨੀ ਵਿਰੋਧੀਆਂ ਨੂੰ ਸਿਆਸੀ ਮਾਰ ਮਾਰਨ ਲਈ ਯੋਜਨਾ ਵੀ ਬਣਾਈ ਜਾ ਸਕਦੀ ਹੈ।
ਸਿੱਧੂ ਅਤੇ ਉਸ ਦੇ ਸਮਰਥਕਾਂ ਵੱਲੋਂ ਨਿੱਤਾਪ੍ਰਤੀ ਕੀਤੀ ਜਾ ਰਹੀ ਬਿਆਨਬਾਜ਼ੀ ਨੂੰ ਰੋਕਣ ਲਈ ਕਾਂਗਰਸ ਹਾਈ ਕਮਾਂਡ ਨਾਲ ਵੀ ਗੱਲਬਾਤ ਕੀਤੀ ਜਾ ਸਕਦੀ ਹੈ । ਇਹ ਵੀ ਹੋ ਸਕਦਾ ਹੈ ਕਿ ਨਵਜੋਤ ਸਿੱਧੂ ਅਤੇ ਉਸ ਦੇ ਸਮਰਥਕਾਂ ਉੱਤੇ ਅਨੁਸ਼ਾਸਨ ਹੀਣਤਾ ਦਾ ਦਬਾਅ ਪਾ ਕੇ ਸਿੱਧੂ ਨੂੰ ਚੁੱਪ ਕਰਾਉਣ ਦਾ ਯਤਨ ਕੀਤਾ ਜਾਵੇ।
ਨਵਜੋਤ ਸਿੱਧੂ ਖਿਲਾਫ ਸਖਤ ਅਨੁਸ਼ਾਸਹੀਣਤਾ ਦੀ ਕਾਰਵਾਈ ਕਰਨ ਦੀ ਮੰਗ ਕਰਨ ਵਾਲਿਆਂ ਵਿਚ ਕੈਪਟਨ ਅਮਰਿੰਦਰ ਸਿੰਘ ਦੇ ਚਹੇਤੇ ਮੰਤਰੀ ਬਲਬੀਰ ਸਿੱਧੂ, ਵਿਜੇ ਇੰਦਰ ਸਿੰਗਲਾ, ਭਾਰਤ ਭੂਸ਼ਣ ਆਸ਼ੂ ਤੇ ਗੁਰਪ੍ਰੀਤ ਸਿੰਘ ਕਾਂਗੜ ਮੁੱਖ ਤੌਰ ਤੇ ਸ਼ਾਮਲ ਹਨ।
ਪਿਛਲੇ ਦਿਨੀਂ ਇਕ ਸਾਂਝੇ ਬਿਆਨ ਰਾਹੀਂ ਇਨ੍ਹਾਂ ਚਾਰੇ ਮੰਤਰੀਆਂ ਨੇ ਕਿਹਾ ਸੀ ਕਿ ਕੈਪਟਨ ਅਮਰਿੰਦਰ ਸਿੰਘ ‘ਤੇ ਇਸ ਤਰ੍ਹਾਂ ਦੇ ਜ਼ੁਬਾਨੀ ਹਮਲੇ ਪਾਰਟੀ ਖਿਲਾਫ ਸ਼ਰ੍ਹੇਆਮ ਬਗਾਵਤ ਹੈ। ਸਿੱਧੂ ਦੀ ਹੁਕਮ ਅਦੂਲੀ ਨੂੰ ਪੂਰੀ ਤਰ੍ਹਾਂ ਅਨੁਸ਼ਾਸਨਹੀਣ ਕਰਾਰ ਦਿੰਦਿਆਂ ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਅਜਿਹੀਆਂ ਪਾਰਟੀ ਵਿਰੋਧੀ ਗਤੀਵਿਧੀਆਂ ਕਿਸੇ ਵੀ ਰਾਜਨੀਤਿਕ ਪਾਰਟੀ ਦੁਆਰਾ ਬਰਦਾਸ਼ਤ ਨਹੀਂ ਕੀਤੀਆਂ ਜਾ ਸਕਦੀਆਂ, ਉਹ ਵੀ ਉਸ ਸਮੇਂ ਜਦੋਂ ਸੂਬੇ ਵਿੱਚ ਚੋਣਾਂ ਹੋਣ ਵਾਲੀਆਂ ਹਨ। ਉਨ੍ਹਾਂ ਨੇ ਤਾਂ ਇਹ ਤੱਕ ਕਹਿ ਦਿੱਤਾ ਕਿ ਸਿੱਧੂ ਨੂੰ ਤੁਰੰਤ ਮੁਅੱਤਲ ਕਰ ਦਿੱਤਾ ਜਾਣਾ ਚਾਹੀਦਾ ਹੈ, ਜੇਕਰ ਉਸ ਨੂੰ ਕੱਢਿਆ ਨਹੀਂ ਗਿਆ ਤਾਂ ਪੰਜਾਬ ਕਾਂਗਰਸ ਵਿਚ ਉਸ ਦੀ ਮੌਜੂਦਗੀ ਪਾਰਟੀ ਦੀ ਸੂਬਾ ਇਕਾਈ ਵਿਚ ਗੜ੍ਹਬੜ ਪੈਦਾ ਕਰ ਦੇਵੇਗੀ ।
ਉਨ੍ਹਾਂ ਕਿਹਾ ਕਿ ਇਹ ਸੰਭਵ ਹੈ ਕਿ ਸਿੱਧੂ ਵੱਲੋਂ ਮੁੱਖ ਮੰਤਰੀ ਉਤੇ ਨਿਸ਼ਾਨੇ ਭਾਜਪਾ ਆਗੂਆਂ ਦੇ ਇਸ਼ਾਰੇ ‘ਤੇ ਕੀਤੇ ਜਾ ਰਹੇ ਹੋਣ। ਉਨ੍ਹਾਂ ਦਾ ਕਹਿਣਾ ਸੀ ਕਿ ਜਿਸ ਤਰੀਕੇ ਨਾਲ ਸਿੱਧੂ ਵੱਲੋਂ ਕੈਪਟਨ ਅਮਰਿੰਦਰ ਖਿਲਾਫ ਹਮਲਾਵਰ ਮੁਹਿੰਮ ਸ਼ੁਰੂ ਕੀਤੀ ਗਈ ਹੈ, ਉਹ ਕਿਸੇ ਸਾਜਿਸ਼ ਦਾ ਹਿੱਸਾ ਜਾਪ ਰਹੀ ਹੈ।
ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਜਾ ਰਹੀ ਵਰਚੂਅਲ ਮੀਟਿੰਗ ਨੂੰ ਦੇਖਦੇ ਹੋਏ, ਇਹ ਸਾਰੇ ਇਕ ਵਾਰੀ ਫਿਰ ਸਰਗਰਮ ਹੋ ਗਏ ਹਨ। ਹੁਣ ਇਹ ਕੈਪਟਨ ਅਮਰਿੰਦਰ ਸਿੰਘ ਕੋਲ ਸਿੱਧੂ ਖ਼ਿਲਾਫ਼ ਪਾਰਟੀ ਹਾਈਕਮਾਂਡ ਕੋਲੋਂ ਦਬਾਅ ਬਣਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਗਾਉਣਗੇ ।
ਟੀਵੀ ਪੰਜਾਬ ਬਿਊਰੋ