ਟੀਵੀ ਪੰਜਾਬ ਬਿਊਰੋ-ਕਾਂਗਰਸੀ ਦੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਆਪਣੇ ਐਲਾਨ ਮੁਤਾਬਿਕ ਅੱਜ ਆਪਣੀ ਪਟਿਆਲਾ ਰਿਹਾਇਸ਼ ਵਿਖੇ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦੇ ਨਾਲ ਮਿਲ ਕੇ ਕਿਸਾਨ ਅੰਦੋਲਨ ਦੇ ਸਮਰਥਨ ਵਿਚ ਆਪਣੇ ਘਰ ਉੱਪਰ ਕਾਲਾ ਝੰਡਾ ਲਹਿਰਾ ਦਿੱਤਾ। ਦੂਜੇ ਪਾਸੇ ਅੰਮ੍ਰਿਤਸਰ ਸਥਿਤ ਨਵਜੋਤ ਸਿੰਘ ਸਿੱਧੂ ਦੀ ਰਿਹਾਇਸ਼ ਵਿਖੇ ਉਨ੍ਹਾਂ ਦੀ ਧੀ ਰਾਬੀਆ ਸਿੱਧੂ ਨੇ ਘਰ ਦੀ ਛੱਤ ‘ਤੇ ਕਾਲਾ ਝੰਡਾ ਲਹਿਰਾਇਆ।
ਇਸ ਦੌਰਾਨ ਸਿੱਧੂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਤੇ ਇਕ ਵੀਡੀਓ ਵੀ ਸਾਂਝੀ ਕੀਤੀ। ਵੀਡੀਓ ਵਿੱਚ ਸਿੱਧੂ ਨੇ ਕਿਹਾ ਕਿ ਪੰਜਾਬ ਅਤੇ ਪੰਜਾਬ ਦਾ ਕਿਸਾਨ ਉਡੀਕ ਰਿਹਾ ਹੈ ਕਿ ਉਹ ਕਦੋਂ ਖੁਦਮੁਖਤਿਆਰੀ ਦੀ ਰਾਹ ‘ਤੇ ਚੱਲੇਗਾ। ਸਿੱਧੂ ਨੇ ਕਿਹਾ ਕਿ ਪਿਛਲੇ ਪੱਚੀ ਸਾਲਾਂ ਤੋਂ ਕਰਜ਼ਾ ਲਗਾਤਾਰ ਵਧ ਰਿਹਾ ਜਦਕਿ ਆਮਦਨ ਅਤੇ ਉਪਜ ਦੋਵੇਂ ਘਟ ਰਹੇ ਹਨ ਜਿਸ ਕਰਕੇ ਪੰਜਾਬ ਦਾ ਕਿਸਾਨ ਸੰਘਰਸ਼ ਦੇ ਰਾਹ ਤੇ ਤੁਰਨ ਲਈ ਮਜਬੂਰ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦਾ ਕਿਸਾਨ ਇੱਜ਼ਤ ਦੀ ਰੋਟੀ ਲਈ ਸੰਘਰਸ਼ ਕਰ ਰਿਹਾ ਜੇਕਰ ਕਾਨੂੰਨ ਰੱਦ ਨਾ ਹੋਏ ਤਾਂ ਹਾਲਾਤ ਬਦ ਤੋਂ ਬਦਤਰ ਹੋ ਜਾਣਗੇ ਅਤੇ ਪੰਜਾਬ ਹੋਰ ਵੀ ਪਛੜ ਕੇ ਰਹਿ ਜਾਵੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਤਰੱਕੀ ਦੀ ਰਾਹ ਦੀ ਕਿਸਾਨੀ ਦੇ ਵਿਚੋਂ ਹੀ ਹੋ ਕੇ ਗੁਜ਼ਰਦੀ ਹੈ। ਸਿੱਧੂ ਨੇ ਕਿਹਾ ਕਿ ਕਾਲਾ ਝੰਡਾ ਕਾਲੇ ਕਾਨੂੰਨਾਂ ਨੂੰ ਠੁਕਰਾਉਣ ਦੀ ਨਿਸ਼ਾਨੀ ਹੈ। ਉਨ੍ਹਾਂ ਕਿਹਾ ਕਿ ਜਦ ਤਕ ਇਹ ਕਾਲੇ ਕਾਨੂੰਨ ਰੱਦ ਨਹੀਂ ਹੋ ਜਾਂਦੇ ਇਹ ਕਾਲਾ ਝੰਡਾ ਇਸੇ ਤਰ੍ਹਾਂ ਛੱਤ ‘ਤੇ ਹੀ ਲੱਗਿਆ ਰਹੇਗਾ।