ਬਟਾਲਾ- ਬਟਾਲਾ ਵਿੱਚ ਇੱਕ ਅਣਮਨੁੱਖੀ ਅਤੇ ਭਿਆਨਕ ਕਾਰਾ ਸਾਹਮਣੇ ਆਇਆ ਹੈ। ਇੱਥੋਂ ਦੇ ਰੇਲਵੇ ਸਟੇਸ਼ਨ ਦੇ ਟਰੈਕ ‘ਤੇ ਨਵ ਜਨਮੀ ਬੱਚੀ ਦੀ ਲਾਸ਼ ਮਿਲੀ ਹੈ। ਨਵਜੰਮੀ ਬੱਚੀ ਦੀ ਇਸ ਲਾਸ਼ ਨੂੰ ਕੁੱਤੇ ਨੋਚ-ਨੋਚ ਕੇ ਖਾ ਰਹੇ ਸਨ । ਲਾਸ਼ ਮਿਲਣ ਨਾਲ ਇਲਾਕੇ ‘ਚ ਸਨਸਨੀ ਫੈਲ ਗਈ।
ਇਸ ਅਣਮਨੁੱਖੀ ਕਾਰੇ ਸੰਬੰਧੀ ਜਾਣਕਾਰੀ ਦਿੰਦੇ ਹੋਏ ਬਟਾਲਾ ਰੇਲਵੇ ਸਟੇਸ਼ਨ ਜੀਆਰਪੀ ਦੇ ਚੌਕੀ ਇੰਚਾਰਜ ਏਐਸਆਈ ਪਰਮਜੀਤ ਸਿੰਘ ਨੇ ਦੱਸਿਆ ਕਿ ਬਟਾਲਾ ਰੇਲਵੇ ਸਟੇਸ਼ਨ ‘ਤੇ ਕਣਕ ਦੀ ਸਪੈਸ਼ਲ ਲੱਗੀ ਹੋਈ ਸੀ ਤੇ ਉਨ੍ਹਾਂ ਨੂੰ ਇਕ ਡਰਾਈਵਰ ਨੇ ਸੂਚਨਾ ਦਿੱਤੀ ਕਿ ਇਕ ਰੇਲਵੇ ਟਰੈਕ ‘ਤੇ ਇਕ ਨਵ ਜਨਮੀ ਬੱਚੀ ਦੀ ਲਾਸ਼ ਨੂੰ ਕੁੱਤੇ ਨੋਚ-ਨੋਚ ਕੇ ਖਾ ਰਹੇ ਹਨ। ਉਨ੍ਹਾਂ ਦੱਸਿਆ ਕਿ ਜਦ ਉਨ੍ਹਾਂ ਨੇ ਮੌਕੇ ‘ਤੇ ਜਾ ਕੇ ਦੇਖਿਆ ਤਾਂ ਨਵ ਜਨਮੀ ਬੱਚੀ ਜਿਸ ਦੀ ਉਮਰ ਸ਼ਾਇਦ ਇਕ ਦਿਨ ਦੀ ਹੋਵੇਗੀ ਕੁੱਤਿਆਂ ਵੱਲੋਂ ਬੁਰੀ ਤਰ੍ਹਾਂ ਨੋਚੀ ਗਈ ਸੀ, ਉਹ ਮ੍ਰਿਤਕ ਹਾਲਤ ‘ਚ ਪਾਈ ਗਈ ।
ਉਨ੍ਹਾਂ ਦੱਸਿਆ ਕਿ ਮੁੱਢਲੀ ਜਾਂਚ ਤੋਂ ਲੱਗਦਾ ਹੈ ਕਿ ਬੱਚੀ ਨੂੰ ਜਨਮ ਸਾਰ ਹੀ ਰੇਲਵੇ ਟਰੈਕ ‘ਤੇ ਸੁੱਟ ਦਿੱਤਾ ਸੀ। ਉਨ੍ਹਾਂ ਕਿਹਾ ਕਿ ਬੱਚੀ ਦੀ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਸਿਵਲ ਹਸਪਤਾਲ ਬਟਾਲਾ ‘ਚ ਪੋਸਟਮਾਰਟਮ ਲਈ ਭੇਜ ਦਿੱਤੀ ਹੈ। ਏਐਸਆਈ ਪਰਮਜੀਤ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਘਟਨਾ ਸਬੰਧੀ ਉੱਚ ਅਧਿਕਾਰੀਆਂ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ। ਅਡੀਸ਼ਨਲ ਐੱਸਐੱਚਓ ਰੇਲਵੇ ਪੁਲਿਸ ਸਬ ਇੰਸਪੈਕਟਰ ਬੀਰਬਲ ਨੇ ਦੱਸਿਆ ਕਿ ਨਵ ਜਨਮੀ ਬੱਚੀ ਦੀ ਲਾਸ਼ ਮਿਲਣ ਸਬੰਧੀ ਆਲੇ-ਦੁਆਲੇ ਦੇ ਇਲਾਕੇ ਤੋਂ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਫਿਲਹਾਲ ਧਾਰਾ 318 ਆਈਪੀਸੀ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।