ਅਮਰੀਕਾ ਨਾਲ ਉੱਤਰੀ ਕੋਰੀਆ ਦਾ ਮੁੜ ਪੰਗਾ, ਰਾਸ਼ਟਰਪਤੀ ਜੋਅ ਬਾਇਡੇਨ ਨੂੰ ਚੇਤਾਵਨੀ

FacebookTwitterWhatsAppCopy Link

ਉੱਤਰੀ ਕੋਰੀਆ ਨੇ ਅਮਰੀਕਾ ਨੂੰ ਚੇਤਾਵਨੀ ਦਿੱਤੀ ਹੈ ਕਿ ਉਸ ਨੂੰ ਇੱਕ ਬਹੁਤ ‘ਗੰਭੀਰ ਹਾਲਾਤ’ ਦਾ ਸਾਹਮਣਾ ਕਰਨਾ ਪਵੇਗਾ ਕਿਉਂਕਿ ਰਾਸ਼ਟਰਪਤੀ ਜੋਅ ਬਾਇਡੇਨ ਨੇ ‘ਬਹੁਤ ਵੱਡੀ ਗ਼ਲਤੀ’ ਕਰ ਦਿੱਤੀ ਹੈ। ਉਸ ਨੇ ਇਹ ਬਿਆਨ ਅਜਿਹੇ ਵੇਲੇ ਦਿੱਤਾ ਹੈ, ਜਦੋਂ ਅਮਰੀਕੀ ਰਾਸ਼ਟਰਪਤੀ ਉੱਤਰੀ ਕੋਰੀਆ ਤੇ ਉਸ ਦੇ ਪ੍ਰਮਾਣੂ ਪ੍ਰੋਗਰਾਮ ਬਾਰੇ ਆਪਣੀ ਰਣਨੀਤੀ ਐਲਾਨਣ ਵਾਲੇ ਹਨ।

ਉੱਤਰੀ ਕੋਰੀਆ ਦੇ ਵਿਦੇਸ਼ ਮੰਤਰਾਲੇ ਵੱਲੋਂ ਜਾਰੀ ਇੱਕ ਬਿਆਨ ’ਚ ਕਿਹਾ ਗਿਆ ਹੈ ਕਿ ਬਾਇਡੇਨ ਨੇ ਆਪਣੇ ਹਾਲੀਆ ਭਾਸ਼ਣ ਵਿੱਚ ਉੱਤਰੀ ਕੋਰੀਆ ਨੂੰ ਸੁਰੱਖਿਆ ਲਈ ਇੱਕ ਵੱਡਾ ਖ਼ਤਰਾ ਦੱਸ ਕੇ ਜਤਾ ਦਿੱਤਾ ਹੈ ਕਿ ਬਾਇਡੇਨ ਵੀ ਆਉਣ ਵਾਲੇ ਵਕਤ ਵਿੱਚ ਦੁਸ਼ਮਣਾਂ ਵਾਲੀਆਂ ਨੀਤੀਆਂ ਹੀ ਅਪਨਾਉਣਗੇ।

ਇਸ ਹਫ਼ਤੇ ਦੇ ਸ਼ੁਰੂ ’ਚ ਹੀ ਰਾਸ਼ਟਰਪਤੀ ਬਾਇਡੇਨ ਨੇ ਉੱਤਰੀ ਕੋਰੀਆ ਦੇ ਪ੍ਰਮਾਣੂ ਪ੍ਰੋਗਰਾਮ ਨੂੰ ਵਿਸ਼ਵ ਸੁਰੱਖਿਆ ਲਈ ‘ਗੰਭੀਰ ਖ਼ਤਰਾ’ ਦੱਸਿਆ ਸੀ। ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਉਹ ਉੱਤਰੀ ਕੋਰੀਆ ਪ੍ਰਤੀ ਬਹੁਤ ਨਪਿਆ-ਤੁਲਿਆ ਤਰੀਕਾ ਅਪਣਾਏਗਾ।

ਵ੍ਹਾਈਟ ਹਾਊਸ ਦੀ ਤਰਜਮਾਨ ਜੇਨ ਸਾਕੀ ਨੇ ਕਿਹਾ ਕਿ ਅਮਰੀਕੀ ਨੀਤੀਆਂ ਦੀ ਸਮੀਖਿਆ ਬੈਠਕ ਮੁਕੰਮਲ ਹੋ ਗਈ ਹੈ ਅਤੇ ਰਾਸ਼ਟਰਪਤ ਬਾਇਡੇਨ ਨੇ ਪਿਛਲੇ ਪ੍ਰਸ਼ਾਸਨ ਤੋਂ ਸਿੱਖਿਆ ਹੈ, ਜਦੋਂ ਅਮਰੀਕਾ ਨੇ ਕੋਸ਼ਿਸ਼ ਕੀਤੀ ਪਰ ਉੱਤਰੀ ਕੋਰੀਆ ਦੀ ਪ੍ਰਮਾਣੂ ਯੋਜਨਾ ਨੂੰ ਰੋਕਣ ਵਿੱਚ ਨਾਕਾਮ ਰਿਹਾ।

‘ਸਾਡੀਆਂ ਨੀਤੀਆਂ ਹੁਣ ਤੋਲ-ਮੋਲ ਵਾਲੇ ਸਮਝੌਤਿਆਂ ਉੱਤੇ ਕੇਂਦ੍ਰਿਤ ਹੋਣਗੀਆਂ ਕਿ ਰਣਨੀਤਕ ਸਬਰ ਉੱਤੇ। ਅਮਰੀਕਾ ਹੁਣ ਨਪੇ-ਤੁਲੇ ਵਿਵਹਾਰਕ ਤਰੀਕੇ ਅਪਣਾਏਗਾ ਅਤੇ ਆਪਣੀ ਤੇ ਆਪਣੇ ਸਹਿਯੋਗੀਆਂ ਦੀ ਸੁਰੱਖਿਆ ਨੂੰ ਵਧਾਉਂਦਿਆਂ ਉੱਤਰੀ ਕੋਰੀਆ ਨਾਲ ਕੂਟਨੀਤਕ ਰਿਸ਼ਤਿਆਂ ਦੀਆਂ ਸੰਭਾਵਨਾਵਾਂ ਤਲਾਸ਼ ਕਰੇਗਾ।’

ਉੱਧਰ ਉੱਤਰੀ ਕੋਰੀਆ ਦੇ ਸਰਕਾਰੀ ਮੀਡੀਆ ਉੱਤੇ ਉੱਥੋਂ ਦੇ ਵਿਦੇਸ਼ ਮੰਤਰਾਲੇ ਦਾ ਇੱਕ ਬਿਆਨ ਚਲਾਇਆ ਗਿਆ, ਜਿਸ ਵਿੱਚ ਬਾਇਡੇਨ ਦੇ ਬਿਆਨ ਨੂੰ ‘ਅਸਹਿਣਸ਼ੀਲ’ ਤੇ ‘ਵੱਡੀ ਗ਼ਲਤੀ’ ਦੱਸਿਆ ਗਿਆ। ਵਿਦੇਸ਼ ਮੰਤਰਾਲੇ ਦੇ ਅਮਰੀਕੀ ਮਾਮਲਿਆਂ ਦੇ ਵਿਭਾਗ ਦੇ ਕਵੈਨ ਜੌਂਗ ਗੁਨ ਨੇ ਕਿਹਾ,‘ਬਾਇਡੇਨ ਦੇ ਬਿਆਨ ਤੋਂ ਸਾਫ਼ ਝਲਕਦਾ ਹੈ ਕਿ ਉਹ ਉੱਤਰੀ ਕੋਰੀਆ ਪ੍ਰਤੀ ਵਿਰੋਧ ਪੂਰਨ ਰਵੱਈਆ ਹੀ ਅਪਨਾਉਣ ਵਾਲੇ ਹਨ, ਜਿਵੇਂ ਕਿ ਅਮਰੀਕਾ ਬੀਤੇ 50 ਸਾਲਾਂ ਤੋਂ ਕਰਦਾ ਆਇਆ ਹੈ।’

ਇੱਕ ਵੱਖਰੇ ਬਿਆਨ ’ਚ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਆਪਣੇ ਬਿਆਨ ’ਚ ਉੱਤਰੀ ਕੋਰੀਆ ’ਚ ਮਨੁੱਖੀ ਅਧਿਕਾਰਾਂ ਦੀ ਆਲੋਚਨਾ ਕਰ ਕੇ ਅਮਰੀਕਾ ਨੇ ਕਿਮ ਜੋਂਗ ਉਨ ਦੀ ਬੇਇਜ਼ਤੀ ਕੀਤੀ ਹੈ। ਬਾਇਡੇਨ ਨੇ ਆਪਣੇ ਕਾਰਜਕਾਲ ਦੇ 100 ਦਿਨ ਪੂਰੇ ਹੋਣ ਮੌਕੇ ਕਾਂਗਰਸ ਦੇ ਸੰਯੁਕਤ ਸੈਸ਼ਨ ’ਚ ਕਿਹਾ ਸੀ ਕਿ ‘ਉੱਤਰੀ ਕੋਰੀਆ ਤੇ ਈਰਾਨ ਦੀਆਂ ਪ੍ਰਮਾਣੂ ਯੋਜਨਾਵਾਂ ਅਮਰੀਕਾ ਲਈ ਤੇ ਪੂਰੀ ਦੁਨੀਆ ਦੀ ਸੁਰੱਖਿਆ ਲਈ ਗੰਭੀਰ ਖ਼ਤਰਾ ਹਨ।’