ਮੋਗਾ ਸਰਕਾਰੀ ਹਸਪਤਾਲ ਦੇ ਜੱਚਾ ਬੱਚਾ ਵਾਰਡ ‘ਚ ਆਕਸੀਜਨ ਸਿਲੰਡਰ ਹੋਇਆ ਲੀਕ ਚੁਫੇਰੇ ਪਈ ਭਾਜੜ, ਖੂਨ ਦੀਆਂ ਬੋਤਲਾਂ ਉਤਾਰ ਕੇ ਬਾਹਰ ਭੱਜੇ ਮਰੀਜ਼

FacebookTwitterWhatsAppCopy Link

ਮੋਗਾ – ਮੋਗਾ ਸਰਕਾਰੀ ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਅੱਜ ਇਕ ਵੱਡਾ ਹਾਦਸਾ ਹੁੰਦੇ-ਹੁੰਦੇ ਟਲਿਆ। ਹਸਪਤਾਲ ਦੇ ਜੱਚਾ-ਬੱਚਾ ਵਾਰਡ ’ਚ ਆਕਸੀਜਨ ਸਿਲੰਡਰ ਅਚਾਨਕ ਹੀ ਲੀਕ ਹੋ ਗਿਆ ਜਿਸ ਤੋਂ ਬਾਅਦ ਵਾਰਡ ’ਚ ਭੱਜ-ਦੌੜ ਪੈ ਗਈ। ਅਚਾਨਕ ਹੋਏ ਇਸ ਹਾਦਸੇ ਦੇ ਡਰ ਕਾਰਨ ਮਰੀਜ਼ ਅਤੇ ਸਟਾਫ਼ ਸਮੇਤ ਉੱਥੋਂ ਭੱਜ ਨਿਕਲੇ। ਇਸ ਦੌਰਾਨ ਮਰੀਜ਼ ਡਰਿੱਪ ਵਾਲੀਆਂ ਬੋਤਲਾਂ ਅਤੇ ਖੂਨ ਦੀਆਂ ਲੱਗੀਆਂ ਬੋਤਲਾਂ ਦੀ ਪਰਵਾਹ ਕੀਤੇ ਬਗੈਰ ਬਾਹਰ ਭੱਜ ਗਏ। ਇਸ ਦੌਰਾਨ ਖੂਨ ਵੀ ਜ਼ਮੀਨ ’ਤੇ ਖ਼ਿਲਰ ਗਿਆ।
ਇਹ ਸਭ ਦੇਖ ਕੇ ਇਕ ਐਂਬੂਲੈਂਸ ਡਰਾਇਵਰ ਨੇ ਸਮਝਦਾਰੀ ਦਿਖਾਉਂਦੇ ਹੋਏ ਅੰਦਰ ਜਾ ਕੇ ਆਕਸੀਜਨ ਵਾਲ ਬੰਦ ਕਰ ਦਿੱਤਾ ਜਿਸ ਨਾਲ ਵੱਡਾ ਹਾਦਸਾ ਹੋਣੋ ਟੱਲ ਗਿਆ। ਗਨੀਮਤ ਇਹ ਰਹੀ ਕਿ ਜਾਨੀ-ਮਾਲੀ ਨੁਕਸਾਨ ਨਹੀਂ ਹੋਇਆ। ਇਸ ਦੌਰਾਨ ਹਸਪਤਾਲ ਦੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਕਿ ਉੱਥੇ ਆਕਸੀਜਨ ਸਿਲੰਡਰ ਬਦਲਣ ਵਾਲਾ ਸਟਾਫ਼ ਵੀ ਨਹੀਂ ਸੀ।

ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਹਸਪਤਾਲ ਸਟਾਫ਼ ਨਰਸਾਂ ਨੇ ਦੱਸਿਆ ਕਿ ਉਹ ਹਮੇਸ਼ਾ ਦੀ ਤਰ੍ਹਾਂ ਸਿਲੰਡਰ ਬਦਲ ਰਹੀਆਂ ਸਨ ਪਰ ਅੱਜ ਜਦੋਂ ਸਿਲੰਡਰ ਬਦਲਣ ਲੱਗੀਆਂ ਤਾਂ ਇਕ ਦਮ ਪ੍ਰੈਸ਼ਰ ਬਣਿਆ। ਇਹ ਦੇਖ ਕੇ ਉਨ੍ਹਾਂ ਨੂੰ ਝਟਕਾ ਲੱਗਾ ਅਤੇ ਉਹ ਭੱਜ ਕੇ ਬਾਹਰ ਜਾਣ ਲੱਗੇ ਅਤੇ ਜਦੋਂ ਬੱਚਿਆਂ ਦੀ ਆਕਸੀਜਸ ਬੰਦ ਕਰਨ ਲੱਗੇ ਤਾਂ ਲੋਕ ਵੀ ਆਪਣੇ ਬੱਚਿਆਂ ਨੂੰ ਲੈ ਕੇ ਬਾਹਰ ਭੱਜੇ।