ਟੀਵੀ ਪੰਜਾਬ ਬਿਊਰੋ- ਪਾਕਿਸਤਾਨ ਦੇ ਸੂਬਾ ਸਿੰਧ ਵਿਚ ਅੱਜ ਸਵੇਰੇ-ਸਵੇਰ ਇਕ ਵੱਡਾ ਰੇਲ ਹਾਦਸਾ ਵਾਪਰਿਆ । ਇੱਥੇ ਦੋ ਟ੍ਰੇਨਾਂ ਦੀ ਆਪਸ ਵਿਚ ਟੱਕਰ ਹੋ ਗਈ। ਹਾਦਸੇ ‘ਚ ਹੁਣ ਤਕ ਘੱਟੋ-ਘੱਟ 30 ਲੋਕਾਂ ਦੀ ਮੌਤ ਹੋਣ ਦੀ ਖਬਰ ਹੈ। ਪਾਕਿਸਤਾਨੀ ਮੀਡੀਆ ARY ਨੇ ਇਸ ਦੀ ਹਾਦਸੇ ਬਾਰੇ ਜਾਣਕਾਰੀ ਦਿੱਤੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਪਾਕਿਸਤਾਨ ਦੇ ਦੱਖਣੀ ਸਿੰਧ ਸੂਬੇ ‘ਚ ਸੋਮਵਾਰ ਨੂੰ ਦੋ ਟ੍ਰੇਨਾਂ ਦੀ ਟੱਕਰ ‘ਚ ਘੱਟੋ-ਘੱਟ 30 ਲੋਕਾਂ ਦੀ ਮੌਤ ਹੋ ਗਈ।
ਇਹ ਹਾਦਸਾ ਘੋਟਕੀ ਨੇੜੇ ਹੋਇਆ ਹੈ। ਜੀਓ ਟੀਵੀ ਮੁਤਾਬਕ ਮਿੱਲਤ ਐਕਸਪ੍ਰੈੱਸ ਦੀਆਂ ਬੋਗੀਆਂ ਬੇਕਾਬੂ ਹੋ ਕੇ ਦੂਸਰੇ ਟ੍ਰੈਕ ‘ਤੇ ਜਾ ਡਿੱਗੀਆਂ ਤੇ ਸਾਹਮਣਿਓਂ ਆ ਰਹੀ ਸਰ ਸਈਅਦ ਐਕਸਪ੍ਰੈੱਸ ਉਸ ਨਾਲ ਟਕਰਾ ਗਈ ਜਿਸ ਕਾਰਨ ਬੋਗੀਆਂ ਦੇ ਟੁੱਕੜੇ ਹੋ ਗਏ। ਮਿਲੱਤ ਐਕਸਪ੍ਰੈੱਸ ਦੀਆਂ 8 ਬੋਗੀਆਂ ਟ੍ਰੈਕ ਤੋਂ ਉਤਰ ਗਈਆਂ। ਮੀਡੀਆ ਰਿਪੋਰਟਾਂ ਮੁਤਾਬਿਕ ਹਾਦਸਾ ਤੜਕੇ 3 ਵੱਜ ਕੇ 45 ਮਿੰਟ ‘ਤੇ ਹੋਇਆ ਹੈ।
ਜਾਣਕਾਰੀ ਮੁਤਾਬਕ ਹਾਦਸੇ ਵਾਲੀ ਥਾਂ ਤੇ ਕੋਈ ਵੀ ਸਰਕਾਰੀ ਜਾਂ ਪ੍ਰਸ਼ਾਸਨਕ ਮੱਦਦ ਸਮੇਂ ਸਿਰ ਨਹੀਂ ਪਹੁੰਚੀ । ਉਸ ਤੋਂ ਬਾਅਦ ਆਮ ਲੋਕਾਂ ਨੇ ਹੀ ਪੀੜਤਾਂ ਨੂੰ ਹਸਪਤਾਲਾਂ ਵਿੱਚ ਪਹੁੰਚਾਇਆ।