ਲੁਧਿਆਣਾ : ਅੱਜ ਪੀ.ਏ.ਯੂ. ਲਾਈਵ ਪ੍ਰੋਗਰਾਮ ਵਿਚ ਸ਼ਾਮਿਲ ਹੋਏ ਖੇਤੀ ਮਾਹਿਰਾਂ ਨੇ ਸਾਉਣੀ ਦੀਆਂ ਫ਼ਸਲਾਂ ਦੀਆਂ ਵੱਖ-ਵੱਖ ਸਮੱਸਿਆਵਾਂ ਬਾਰੇ ਆਪਣੀ ਰਾਇ ਕਿਸਾਨਾਂ ਨਾਲ ਸਾਂਝੀ ਕੀਤੀ ।
ਮੱਕੀ ਸੈਕਸ਼ਨ ਤੋਂ ਸ਼ਾਮਿਲ ਹੋਏ ਮਾਹਿਰ ਡਾ. ਜਵਾਲਾ ਜਿੰਦਲ ਨੇ ਫਾਲ ਆਰਮੀਵਾਰਮ ਕੀੜੇ ਬਾਰੇ ਵਿਸਥਾਰ ਨਾਲ ਗੱਲਬਾਤ ਕੀਤੀ । ਉਹਨਾਂ ਨੇ ਇਸ ਕੀੜੇ ਦੀ ਪਛਾਣ ਅਤੇ ਜੀਵਨ-ਚੱਕਰ ਦੇ ਨਾਲ-ਨਾਲ ਇਸ ਦੇ ਵਾਧੇ ਦੇ ਕਾਰਨਾਂ ਬਾਰੇ ਗੱਲਬਾਤ ਕੀਤੀ ਅਤੇ ਰੋਕਥਾਮ ਦੇ ਤਰੀਕੇ ਵੀ ਦੱਸੇ।
ਕੀਟ ਵਿਗਿਆਨ ਵਿਭਾਗ ਦੇ ਮਾਹਿਰ ਡਾ. ਰਵਿੰਦਰ ਸਿੰਘ ਚੰਦੀ ਨੇ ਸਾਉਣੀ ਦੀਆਂ ਸਬਜ਼ੀਆਂ ਅਤੇ ਉਨ੍ਹਾਂ ਦੇ ਕੀੜਿਆਂ ਬਾਰੇ ਭਰਪੂਰ ਜਾਣਕਾਰੀ ਦਿੱਤੀ । ਡਾ. ਚੰਦੀ ਨੇ ਕੀੜਿਆਂ ਦੀ ਰੋਕਥਾਮ ਦੇ ਸਰਬਪੱਖੀ ਤਰੀਕੇ ਸੰਬੰਧੀ ਵੀ ਵਿਸਥਾਰ ਨਾਲ ਦੱਸਿਆ ।
ਵਿਸ਼ੇਸ਼ਕਰ ਬੈਂਗਣ ਅਤੇ ਭਿੰਡੀ ਦੇ ਕੀੜਿਆਂ ਦੀ ਰੋਕਥਾਮ ਸੰਬੰਧੀ ਗੱਲ ਕਰਦਿਆਂ ਉਨ੍ਹਾਂ ਨੇ ਇਨ੍ਹਾਂ ਕੀੜਿਆਂ ਦੀ ਰੋਕਥਾਮ ਦੇ ਨੁਕਤੇ ਸਾਂਝੇ ਕੀਤੇ।
ਇਸ ਤੋਂ ਪਹਿਲਾਂ ਡਾ. ਇੰਦਰਪ੍ਰੀਤ ਬੋਪਾਰਾਏ ਅਤੇ ਸ੍ਰੀ ਰਵਿੰਦਰ ਭਲੂਰੀਆ ਨੇ ਕਿਸਾਨਾਂ ਨੂੰ ਆਉਂਦੇ ਦਿਨਾਂ ਦੇ ਖੇਤੀ ਰੁਝੇਵਿਆਂ ਬਾਰੇ ਜਾਣਕਾਰੀ ਦਿੱਤੀ।
ਟੀਵੀ ਪੰਜਾਬ ਬਿਊਰੋ