ਲੁਧਿਆਣਾ : ਪੀ.ਏ.ਯੂ. ਕਿਸਾਨ ਕਲੱਬ ਦਾ ਮਾਸਿਕ ਵੈਬੀਨਾਰ ਅੱਜ ਨਿਰਦੇਸ਼ਕ ਪਸਾਰ ਸਿੱਖਿਆ ਦੀ ਅਗਵਾਈ ਹੇਠ ਸਿਰੇ ਚੜਿਆ। ਇਸ ਵਿਚ ਕਿਸਾਨ ਕਲੱਬ ਦੇ 120 ਮੈਂਬਰ ਆਨਲਾਈਨ ਜੁੜੇ।
ਸਵਾਗਤੀ ਸ਼ਬਦ ਬੋਲਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਸਾਨਾਂ ਨੂੰ ਵਿਗਿਆਨਕ ਅਤੇ ਤਕਨੀਕੀ ਜਾਣਕਾਰੀ ਲਈ ਲਗਾਤਾਰ ਯੂਨੀਵਰਸਿਟੀ ਦੇ ਸੰਪਰਕ ਵਿਚ ਰਹਿਣ ਦੀ ਅਪੀਲ ਕੀਤੀ।
ਸੀਨੀਅਰ ਪਸਾਰ ਮਾਹਿਰ (ਪੌਦਾ ਰੋਗ ਵਿਗਿਆਨ) ਡਾ. ਅਮਰਜੀਤ ਸਿੰਘ ਨੇ ਸਬਜ਼ੀਆਂ, ਬਾਸਮਤੀ ਅਤੇ ਨਰਮੇ ਦੀਆਂ ਬਿਮਾਰੀਆਂ ਜੜ ਗੰਢ ਨੀਮਾਟੋਡ, ਪੈਰਾ ਦਾ ਗਾਲਾ, ਸੀਥ ਬਲਾਈਟ ਅਤੇ ਠੂਠੀ ਰੋਗ ਬਾਰੇ ਜਾਣਕਾਰੀ ਦਿੱਤੀ।
ਕੀਟ ਵਿਗਿਆਨੀ ਡਾ. ਕੇ ਐੱਸ ਸੂਰੀ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕੀੜੇ-ਮਕੌੜਿਆਂ ਦੀ ਰੋਕਥਾਮ ਲਈ ਸੰਯੁਕਤ ਤਕਨੀਕਾਂ ਅਪਨਾਉਣ ਤਾਂ ਜੋ ਨਿਰਯਾਤ ਯੋਗ ਬਾਸਮਤੀ ਉੱਪਰ ਵਧੇਰੇ ਰਸਾਇਣਾਂ ਦੇ ਛਿੜਕਾਅ ਤੋਂ ਬਚਾਅ ਕੀਤਾ ਜਾ ਸਕੇ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਸਾਨਾਂ ਨੂੰ ਪਾਬੰਦੀਸ਼ੁਦਾ ਰਸਾਇਣਾਂ ਦੇ ਛਿੜਕਾਅ ਤੋਂ ਗੁਰੇਜ਼ ਕਰਨ ਲਈ ਵੀ ਕਿਹਾ।
ਸੀਨੀਅਰ ਫਸਲ ਵਿਗਿਆਨੀ ਡਾ. ਗੁਰਇਕਬਾਲ ਸਿੰਘ ਨੇ ਕਿਹਾ ਕਿ ਦਾਲਾਂ ਦੀ ਲੋੜ ਦੇ ਮੱਦੇਨਜ਼ਰ ਇਹਨਾਂ ਹੇਠ ਰਕਬੇ ਨੂੰ ਵਧਾਉਣ ਦੀ ਲੋੜ ਹੈ।
ਉਨ੍ਹਾਂ ਨੇ ਦਾਲਾਂ ਦੀ ਕਾਸ਼ਤ ਬਾਰੇ ਨੁਕਤੇ ਦੱਸਦਿਆਂ ਫਸਲ ਵਿਗਿਆਨਕ ਤਰੀਕਿਆਂ ਦਾ ਜ਼ਿਕਰ ਕੀਤਾ। ਅੰਤ ਵਿਚ ਸ੍ਰੀ ਰਵਿੰਦਰ ਭਲੂਰੀਆ ਨੇ ਸਭ ਦਾ ਧੰਨਵਾਦ ਕੀਤਾ।
ਟੀਵੀ ਪੰਜਾਬ ਬਿਊਰੋ