ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਵੱਲੋਂ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਬੀਤੇ ਦਿਨੀਂ ਅਨੁਸੂਚਿਤ ਜਾਤੀਆਂ ਦੇ ਲੋਕਾਂ ਲਈ ਪੰਜ ਰੋਜਾ ਸਿਖਲਾਈ ਕੈਂਪ ਲਗਾਇਆ ਗਿਆ । ਜ਼ਿਲਾ ਲੁਧਿਆਣਾ ਦੇ ਬਲਾਕ ਪੱਖੋਵਾਲ ਦੇ ਪਿੰਡ ਢੈਪਈ ਵਿਚ ਲਗਾਏ ਇਸ ਕੈਂਪ ਦਾ ਉਦੇਸ਼ ‘ਬੇਕਿੰਗ ਅਤੇ ਕਨਫੈਕਸ਼ਨਰੀ’ ਬਾਰੇ ਸਿਖਲਾਈ ਦੇਣਾ ਸੀ।
ਇਸ ਕੈਂਪ ਵਿਚ 20 ਸਿਖਿਆਰਥੀ ਸ਼ਾਮਿਲ ਹੋਏ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਪੇਂਡੂ ਔਰਤਾਂ ਨੂੰ ਖੇਤੀ ਨਾਲ ਸੰਬੰਧਤ ਕੰਮਾਂ ਦੀ ਸਿਖਲਾਈ ਦੇਣ ਦੇ ਮਹੱਤਵ ਬਾਰੇ ਗੱਲ ਕੀਤੀ। ਕੋਰਸ ਦੇ ਤਕਨੀਕੀ ਕੁਆਰਡੀਨੇਟਰ ਡਾ. ਕੁਲਬੀਰ ਕੌਰ ਨੇ ਖੇਤੀ ਕਾਰੋਬਾਰ ਬਾਰੇ ਨੁਕਤੇ ਦੱਸਦਿਆਂ ਬੇਕਿੰਗ ਅਤੇ ਕਨਫੈਕਸ਼ਨਰੀ ਨੂੰ ਪੇਂਡੂ ਔਰਤਾਂ ਲਈ ਲਾਹੇਵੰਦ ਕਿੱਤਾ ਕਿਹਾ।
ਇਸ ਤੋਂ ਇਲਾਵਾ ਉਹਨਾਂ ਨੇ ਗੁਲਾਬ ਜਾਮੁਨ, ਛੈਣਾ ਮੁਰਕੀ, ਨਾਰੀਅਲ ਬਰਫੀ, ਰਸ ਮਲਾਈ, ਰਬੜੀ ਅਤੇ ਰਸਗੁੱਲਾ ਬਨਾਉਣ ਦਾ ਪ੍ਰਦਰਸ਼ਨ ਵੀ ਕੀਤਾ। ਸ੍ਰੀਮਤੀ ਕਮਲਪ੍ਰੀਤ ਕੌਰ ਨੇ ਸੂਜੀ ਦੇ ਲੱਡੂ ਬਨਾਉਣ ਦਾ ਤਰੀਕਾ ਦੱਸਿਆ ਜਦਕਿ ਖੇਤੀ ਕਾਰੋਬਾਰੀ ਸ੍ਰੀਮਤੀ ਪ੍ਰਕਾਸ਼ ਕੌਰ ਨੇ ਚਾਕਲੇਟ ਅਤੇ ਕੜਾਹੀ ਵਿਚ ਅੰਡਾ ਰਹਿਤ ਕੇਕ ਬਣਾ ਕੇ ਸਿਖਿਆਰਥੀਆਂ ਨੂੰ ਪ੍ਰੇਰਨਾ ਦਿੱਤੀ।
ਸਿਖਲਾਈ ਲੈਣ ਵਾਲੀਆਂ ਬੀਬੀਆਂ ਨੂੰ ਸਰਟੀਫਿਕੇਟ ਦਿੱਤੇ ਗਏ । ਪੀ.ਏ.ਯੂ. ਦਾ ਖੇਤੀ ਸਾਹਿਤ ਕਿਸਾਨਾਂ ਨੂੰ ਵੰਡਿਆ ਗਿਆ। ਪਿੰਡ ਦੀ ਪੰਚ ਸ੍ਰੀਮਤੀ ਸੁਰਿੰਦਰ ਕੌਰ ਨੇ ਪੀ.ਏ.ਯੂ. ਦੀਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ। ਅੰਤ ਵਿਚ ਡਾ. ਲਵਲੀਸ਼ ਗਰਗ ਨੇ ਧੰਨਵਾਦ ਦੇ ਸ਼ਬਦ ਕਹੇ।
ਟੀਵੀ ਪੰਜਾਬ ਬਿਊਰੋ