ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਵਿਭਾਗ ਨੇ ਨਿਰਦੇਸ਼ਕ ਪਸਾਰ ਸਿੱਖਿਆ ਡਾ. ਜਸਕਰਨ ਸਿੰਘ ਮਾਹਲ ਦੀ ਅਗਵਾਈ ਹੇਠ ਵੈਬੀਨਾਰਾਂ ਦੀ ਲੜੀ ਵਿਚ ਅਗਲਾ ਵੈਬੀਨਾਰ ਕਰਵਾਇਆ। ਇਸ ਦਾ ਸਿਰਲੇਖ ਪਸਾਰ ਯੋਜਨਾਵਾਂ ਦੀ ਵਿਉਂਤ ਅਤੇ ਵਿਸ਼ਲੇਸ਼ਣ ਸੀ । ਇਸ ਵਿਚ ਪੀ.ਏ.ਯੂ., ਕ੍ਰਿਸ਼ੀ ਵਿਗਿਆਨ ਕੇਂਦਰ, ਖੇਤਰੀ ਖੋਜ ਕੇਂਦਰ ਅਤੇ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਸਮੇਤ 100 ਦੇ ਕਰੀਬ ਲੋਕ ਸ਼ਾਮਿਲ ਹੋਏ।
ਆਈ ਸੀ ਏ ਆਰ ਅਟਾਰੀ ਦੇ ਮੁੱਖ ਵਿਗਿਆਨੀ ਡਾ. ਅਰਵਿੰਦ ਕੁਮਾਰ ਨੇ ਮੁੱਖ ਭਾਸ਼ਣ ਕਰਤਾ ਵਜੋਂ ਦੱਸਿਆ ਕਿ ਪਸਾਰ ਗਤੀਵਿਧੀਆਂ ਵਿਚ ਯੋਜਨਾਵਾਂ ਦੀ ਵਿਉਂਤਬੰਦੀ ਬੇਹੱਦ ਲਾਜ਼ਮੀ ਹੈ ਤਾਂ ਜੋ ਮਨਚਾਹੇ ਨਤੀਜੇ ਪ੍ਰਾਪਤ ਕੀਤੇ ਜਾ ਸਕਣ। ਉਹਨਾਂ ਕਿਹਾ ਕਿ ਇਸ ਤਰ੍ਹਾਂ ਸਰੋਤਾਂ ਦੇ ਉਲਝਾਅ ਤੋਂ ਵੀ ਬਚਿਆ ਜਾ ਸਕਿਆ ਹੈ। ਨਾਲ ਹੀ ਪਸਾਰ ਯੋਜਨਾਵਾਂ ਦਾ ਲੇਖਾ ਜੋਖਾ ਵੀ ਜ਼ਰੂਰੀ ਹੈ।
ਡਾ. ਜਸਕਰਨ ਸਿੰਘ ਮਾਹਲ ਨੇ ਆਰੰਭਕ ਟਿੱਪਣੀ ਵਿਚ ਕਿਹਾ ਕਿ ਕੰਮਾਂ ਦੀ ਵਿਉਂਤਬੰਦੀ ਘਰ ਅਤੇ ਦਫਤਰ ਦੋਵਾਂ ਥਾਵਾਂ ‘ਤੇ ਜ਼ਰੂਰੀ ਹੈ। ਉਹਨਾਂ ਕਿਹਾ ਕਿ ਯੋਜਨਾਵਾਂ ਦੀ ਅਣਹੋਂਦ ਵਿਚ ਕੰਮ ਨੂੰ ਠੀਕ ਤਰੀਕੇ ਨਾਲ ਕਰਨਾ ਔਖਾ ਸਿੱਧ ਹੁੰਦਾ ਹੈ। ਅਪਰ ਨਿਰਦੇਸ਼ਕ ਸੰਚਾਰ ਡਾ. ਤੇਜਿੰਦਰ ਸਿੰਘ ਰਿਆੜ ਨੇ ਕਿਹਾ ਕਿ ਅੱਜ ਦਾ ਵੈਬੀਨਾਰ ਬੇਹੱਦ ਲਾਭਦਾਇਕ ਜਾਣਕਾਰੀ ਅਤੇ ਜ਼ਰੂਰੀ ਗੱਲਾਂ ਸਰੋਤਿਆਂ ਤੱਕ ਪਹੁੰਚਾਉਣ ਤੱਕ ਸਫਲ ਰਿਹਾ ਹੈ, ਜਿਸਦੇ ਨਤੀਜੇ ਕਿਸਾਨੀ ਸਮਾਜ ਨੂੰ ਲਾਭ ਦੇ ਰੂਪ ਵਿਚ ਮਿਲਣਗੇ।
ਕ੍ਰਿਸ਼ੀ ਵਿਗਿਆਨ ਕੇਂਦਰਾਂ ਤੋਂ ਡਾ. ਗੁਰਦੀਪ ਸਿੰਘ, ਡਾ. ਵੀ ਕੇ ਰਾਮਪਾਲ, ਡਾ. ਜਗਦੀਸ਼ ਗਰੋਵਰ, ਡਾ. ਮਨੋਜ ਸ਼ਰਮਾਂ ਨੇ ਆਪਣੇ ਤਜਰਬੇ ਸਾਂਝੇ ਕੀਤੇ। ਪੀ.ਏ.ਯੂ. ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ. ਸੁਰਜੀਤ ਸਿੰਘ ਗਿੱਲ ਨੇ ਇਸ ਮੌਕੇ ਵੈਬੀਨਾਰ ਨੂੰ ਮਾਣਿਆ ਅਤੇ ਉਸਾਰੂ ਟਿੱਪਣੀਆਂ ਕੀਤੀਆਂ। ਪਸਾਰ ਸਿੱਖਿਆ ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਧੰਨਵਾਦ ਦੇ ਸ਼ਬਦ ਬੋਲਦਿਆਂ ਇਸ ਵੈਬੀਨਾਰ ਲੜੀ ਬਾਰੇ ਜਾਣਕਾਰੀ ਦਿੱਤੀ।
ਟੀਵੀ ਪੰਜਾਬ ਬਿਊਰੋ