ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਬਲਾਕ ਜਗਰਾਓ ਦੇ ਅਖਾੜਾ ਵਿਚ ਸਿਖਲਾਈ ਪ੍ਰੋਗਰਾਮ ਕਰਵਾਇਆ। ਇਹ ਪ੍ਰੋਗਰਾਮ ਘਰੇਲੂ ਪੋਸ਼ਕ ਬਗੀਚੀ ਬਾਰੇ ਪੇਂਡੂ ਕਿਸਾਨਾਂ ਨੂੰ ਜਾਣੂੰ ਕਰਵਾਉਣ ਲਈ ਕਰਵਾਇਆ ਗਿਆ। ਇਸ ਵਿਚ 20 ਦੇ ਕਰੀਬ ਕਿਸਾਨ ਸ਼ਾਮਿਲ ਹੋਏ।
ਇਸ ਪ੍ਰੋਗਰਾਮ ਦਾ ਉਦੇਸ਼ ਘਰੇਲੂ ਪੋਸ਼ਕ ਬਗੀਚੀ ਬਾਰੇ ਪੇਂਡੂ ਲੋਕਾਂ ਨੂੰ ਜਾਗਰੂਕ ਕਰਨਾ ਸੀ। ਪਸਾਰ ਮਾਹਿਰ ਡਾ. ਧਰਮਿੰਦਰ ਸਿੰਘ ਨੇ ਸੰਤੁਲਿਤ ਖੁਰਾਕ ਦੇ ਮਹੱਤਵ ਬਾਰੇ ਗੱਲ ਕੀਤੀ ਅਤੇ ਸਿਖਿਆਰਥੀਆਂ ਨੂੰ ਚੰਗੀ ਖੁਰਾਕ ਲਈ ਪ੍ਰੇਰਿਤ ਕੀਤਾ । ਉਹਨਾਂ ਨੇ ਸਵੈ-ਸੇਵੀ ਸਮੂਹ ਬਣਾ ਕੇ ਕਾਮਯਾਬੀ ਨਾਲ ਖੇਤੀ ਕਾਰੋਬਾਰ ਦੇ ਨੁਕਤੇ ਵੀ ਦੱਸੇ।
ਸਬਜ਼ੀ ਵਿਗਿਆਨ ਵਿਭਾਗ ਦੇ ਮਾਹਿਰ ਡਾ. ਸਲੇਸ਼ ਜਿੰਦਲ ਨੇ ਸਿਖਿਆਰਥੀਆਂ ਨਾਲ ਸਬਜ਼ੀਆਂ ਨੂੰ ਘੱਟ ਥਾਂ ਵਿਚ ਉਗਾਉਣ ਬਾਰੇ ਗੱਲਬਾਤ ਕੀਤੀ । ਉਹਨਾਂ ਨੇ ਸਬਜ਼ੀਆਂ ਦੇ ਕੀੜਿਆਂ ਦੀ ਰੋਕਥਾਮ ਦੇ ਤਰੀਕੇ ਵੀ ਦੱਸੇ। ਡਾ. ਗਗਨਦੀਪ ਕੌਰ ਨੇ ਕਿਹਾ ਕਿ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਪੋਸ਼ਕ ਬਗੀਚੀ ਤਿਆਰ ਕਰਨੀ ਚਾਹੀਦੀ ਹੈ ।
ਉਹਨਾਂ ਨੇ ਮੌਸਮੀ ਸਬਜ਼ੀਆਂ ਅਤੇ ਫ਼ਲਾਂ ਦੇ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ। ਇਸ ਤੋਂ ਇਲਾਵਾ ਡਾ. ਲਖਵਿੰਦਰ ਕੌਰ ਨੇ ਵੀ ਪਿੰਡ ਵਾਸੀਆਂ ਨੂੰ ਸੰਬੋਧਨ ਕੀਤਾ। ਪਿੰਡ ਦੀ ਸਰਪੰਚ ਜਸਵਿੰਦਰ ਕੌਰ ਨੇ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਮਾਹਿਰਾਂ ਦੀ ਸਲਾਹ ਤੇ ਅਮਲ ਕਰਨ ਲਈ ਕਿਹਾ। ਭਾਗ ਲੈਣ ਵਾਲਿਆਂ ਨੂੰ ਪੀ.ਏ.ਯੂ. ਦਾ ਸਾਹਿਤ, ਫਲਾਂ ਦੇ ਬੂਟੇ ਅਤੇ ਬੀਜਾਂ ਦੀ ਕਿੱਟ ਦਿੱਤੀ ਗਈ।
ਟੀਵੀ ਪੰਜਾਬ ਬਿਊਰੋ