PAU ਨੇ ਘਰੇਲੂ ਪੋਸ਼ਕ ਬਗੀਚੀ ਬਾਰੇ ਲੋਕਾਂ ਨੂੰ ਦਿੱਤੀ ਸਿਖਲਾਈ

FacebookTwitterWhatsAppCopy Link

ਲੁਧਿਆਣਾ : ਪੀ.ਏ.ਯੂ. ਦੇ ਪਸਾਰ ਸਿੱਖਿਆ ਅਤੇ ਸੰਚਾਰ ਪ੍ਰਬੰਧਨ ਵਿਭਾਗ ਨੇ ਸਕਿੱਲ ਡਿਵੈਲਪਮੈਂਟ ਸੈਂਟਰ ਦੇ ਸਹਿਯੋਗ ਨਾਲ ਲੁਧਿਆਣਾ ਜ਼ਿਲੇ ਦੇ ਪਿੰਡ ਜੰਡਿਆਲੀ ਵਿਚ ਦੋ ਰੋਜ਼ਾ ਸਿਖਲਾਈ ਪ੍ਰੋਗਰਾਮ ਕਰਵਾਇਆ।

ਇਹ ਪ੍ਰੋਗਰਾਮ ਘਰੇਲੂ ਪੋਸ਼ਕ ਬਗੀਚੀ ਬਾਰੇ ਪੇਂਡੂ ਕਿਸਾਨਾਂ ਨੂੰ ਜਾਣੂੰ ਕਰਵਾਉਣ ਲਈ ਕਰਵਾਇਆ ਗਿਆ । ਇਸ ਵਿਚ 20 ਦੇ ਕਰੀਬ ਕਿਸਾਨ ਸ਼ਾਮਿਲ ਹੋਏ।

ਸਬਜ਼ੀ ਵਿਗਿਆਨ ਵਿਭਾਗ ਦੇ ਮਾਹਿਰ ਡਾ. ਰੂਮਾ ਦੇਵੀ ਨੇ ਸਿਖਿਆਰਥੀਆਂ ਨਾਲ ਸਬਜ਼ੀਆਂ ਅਤੇ ਫ਼ਲਾਂ ਨੂੰ ਘੱਟ ਥਾਂ ਵਿਚ ਉਗਾਉਣ ਸੰਬੰਧੀ ਨੁਕਤੇ ਸਾਂਝੇ ਕੀਤੇ । ਉਹਨਾਂ ਨੇ ਠੇਠ ਦੇਸੀ ਤਰੀਕਿਆਂ ਨਾਲ ਕੀੜਿਆਂ ਦੀ ਰੋਕਥਾਮ ਕਰਨ ਦੀ ਸਲਾਹ ਦਿੱਤੀ।

ਇਸ ਤੋਂ ਇਲਾਵਾ ਸਬਜ਼ੀਆਂ ਅਤੇ ਫ਼ਲਾਂ ਬਾਰੇ ਪੁੱਛੇ ਗਏ ਬਹੁਤ ਸਾਰੇ ਸਵਾਲਾਂ ਦੇ ਜਵਾਬ ਵੀ ਡਾ. ਰੂਮਾ ਦੇਵੀ ਨੇ ਦਿੱਤੇ। ਡਾ. ਰਿਤੂ ਮਿੱਤਲ ਗੁਪਤਾ ਨੇ ਕਿਹਾ ਕਿ ਸਿਹਤ ਨੂੰ ਧਿਆਨ ਵਿਚ ਰੱਖਦਿਆਂ ਆਪਣੀ ਪੋਸ਼ਕ ਬਗੀਚੀ ਤਿਆਰ ਕਰਨੀ ਚਾਹੀਦੀ ਹੈ।

ਉਹਨਾਂ ਨੇ ਮੌਸਮੀ ਸਬਜ਼ੀਆਂ ਅਤੇ ਫ਼ਲਾਂ ਦੇ ਬੂਟੇ ਲਾਉਣ ਲਈ ਪ੍ਰੇਰਿਤ ਕੀਤਾ। ਪਿੰਡ ਦੇ ਸਰਪੰਚ ਸ. ਉਦੈ ਰਾਜ ਗਿੱਲ ਅਤੇ ਪੰਚ ਮਨਜੀਤ ਸਿੰਘ ਨੇ ਸਿਖਿਆਰਥੀਆਂ ਨੂੰ ਯੂਨੀਵਰਸਿਟੀ ਮਾਹਿਰਾਂ ਦੀ ਸਲਾਹ ‘ਤੇ ਅਮਲ ਕਰਨ ਲਈ ਕਿਹਾ।

ਭਾਗ ਲੈਣ ਵਾਲਿਆਂ ਨੂੰ ਪੀ.ਏ.ਯੂ. ਦਾ ਸਾਹਿਤ, ਫਲਾਂ ਦੇ ਬੂਟੇ ਅਤੇ ਬੀਜਾਂ ਦੀ ਕਿੱਟ ਦਿੱਤੀ ਗਈ। ਡਾ. ਸੁਖਦੀਪ ਕੌਰ ਨੇ ਅੰਤ ਵਿਚ ਸਭ ਦਾ ਧੰਨਵਾਦ ਕੀਤਾ।

ਟੀਵੀ ਪੰਜਾਬ ਬਿਊਰੋ