Site icon TV Punjab | English News Channel

ਫਿਲੀਪੀਨਜ਼ ਵਿਚ ਵੱਡਾ ਹਵਾਈ ਹਾਦਸਾ, 17 ਲੋਕਾਂ ਦੀ ਮੌਤ

ਮਨੀਲਾ : ਫਿਲੀਪੀਨਜ਼ ਵਿਚ ਇਕ ਮਿਲਟਰੀ ਹਵਾਈ ਜਹਾਜ਼ ਸੀ-130 ਰਨਵੇਅ ‘ਤੇ ਨਾ ਉੱਤਰ ਪਾਉਣ ਕਾਰਨ ਅੱਜ ਹਾਦਸਾਗ੍ਰਸਤ ਹੋ ਗਿਆ। ਫਿਲੀਪੀਨਜ਼ ਮਿਲਟਰੀ ਪ੍ਰਮੁੱਖ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਹ ਹਾਦਸਾ ਦੱਖਣੀ ਫਿਲੀਪੀਨਜ਼ ਵਿਚ ਵਾਪਰਿਆ ਹੈ। ਇਸ ਹਾਦਸੇ ਵਿਚ 17 ਲੋਕਾਂ ਦੀ ਮੌਤ ਹੋਣ ਦੀ ਖ਼ਬਰ ਹੈ। ਫਿਲੀਪੀਨਜ਼ ਦੇ ਰੱਖਿਆ ਮੰਤਰੀ ਡੇਲਫਿਨ ਲੋਰੇਂਜਾਨਾ ਮੁਤਾਬਕ ਜਹਾਜ਼ ਵਿਚ ਘੱਟੋ-ਘੱਟ 92 ਲੋਕ ਸਵਾਰ ਸਨ ਅਤੇ ਬਚਾਅ ਕੰਮ ਜਾਰੀ ਹੈ।

ਉਹਨਾਂ ਨੇ ਕਿਹਾ ਕਿ ਜਹਾਜ਼ ਵਿਚ 3 ਚਾਲਕਾਂ ਅਤੇ ਚਾਲਕ ਦਲ ਦੇ 5 ਮੈਂਬਰਾਂ ਸਮੇਤ 92 ਲੋਕ ਸਵਾਰ ਸਨ। ਜਹਾਜ਼ ਦੱਖਣੀ ਸ਼ਹਿਰ ਕਾਗਾਯਨ ਡੀ ਓਰੋ ਤੋਂ ਮਿਲਟਰੀ ਬਲਾਂ ਨੂੰ ਲਿਜਾ ਰਿਹਾ ਸੀ। ਇਹ ਮਿਲਟਰੀ ਕਰਮੀ ਸੁਲੁ ਦੇ ਮੁਸਲਿਮ ਬਹੁ ਗਿਣਤੀ ਸੂਬੇ ਵਿਚ ਅਬੂ ਸਯਾਕ ਅੱਤਵਾਦੀਆਂ ਖ਼ਿਲਾਫ਼ ਦਹਾਕਿਆਂ ਤੋਂ ਲੜ ਰਹੇ ਹਨ।

ਸੈਨਾ ਪ੍ਰਮੁੱਖ ਜਨਰਲ ਸਿਰਿਲਿਟੋ ਸੋਬੇਜਾਨੀ ਨੇ ਏ.ਐੱਫ.ਪੀ. ਨੂੰ ਦੱਸਿਆ ਕਿ ਸੀ-130 ਦੇ ਬਲਦੇ ਹੋਏ ਮਲਬੇ ਵਿਚੋਂ ਹੁਣ ਤੱਕ ਘੱਟੋ-ਘੱਟ 40 ਲੋਕਾਂ ਨੂੰ ਬਚਾਇਆ ਜਾ ਚੁੱਕਾ ਹੈ ਜੋ ਸੁਲੁ ਸੂਬੇ ਦੇ ਜੋਲੋ ਟਾਪੂ ‘ਤੇ ਉਤਰਨ ਦੀ ਕੋਸ਼ਿਸ਼ ਸਮੇਂ ਹਾਦਸਾਗ੍ਰਸਤ ਹੋ ਗਿਆ। ਜਹਾਜ਼ ਦੇ ਹਾਦਾਸਗ੍ਰਸਤ ਹੋਣ ਦਾ ਕਾਰਨ ਤੁਰੰਤ ਸਪਸ਼ੱਟ ਨਹੀਂ ਹੋ ਸਕਿਆ ਹੈ।

ਸੋਬੇਜਾਨਾ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਇਹ ਬਹੁਤ ਮੰਦਭਾਗਾ ਹੈ। ਜਹਾਜ਼ ਰਨਵੇਅ ‘ਤੇ ਨਹੀਂ ਉਤਰ ਪਾਇਆ। ਜਹਾਜ਼ ਚਾਲਕ ਨੇ ਉਸ ਨੂੰ ਮੁੜ ਕੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹ ਅਜਿਹਾ ਨਹੀਂ ਕਰ ਸਕਿਆ ਅਤੇ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਉਹਨਾਂ ਨੇ ਦੱਸਿਆ ਕਿ ਜਹਾਜ਼ ਵਿਚ ਸਵਾਰ ਘੱਟੋ-ਘੱਟ 40 ਲੋਕਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਮਿਲਟਰੀ ਬਲ ਬਾਕੀ ਲੋਕਾਂ ਨੂੰ ਬਚਾਉਣ ਦੀ ਕੋਸ਼ਿਸ਼ ਵਿਚ ਜੁਟਿਆ ਹੋਇਆ ਹੈ।

ਟੀਵੀ ਪੰਜਾਬ ਬਿਊਰੋ