Site icon TV Punjab | English News Channel

ਪੁਲਿਸ ਦੀ ਗੱਡੀ ਨੇ ਬੁਲਟ ਮੋਟਰਸਾਈਕਲ ਨੂੰ ਮਾਰੀ ਟੱਕਰ ਔਰਤ ਦੀ ਹੋਈ ਮੌਤ, ਹਮਦਰਦੀ ਦੀ ਥਾਂ ਪਰਿਵਾਰਕ ਮੈਂਬਰ ਦੀ ਹੀ ਥਾਣੇ ਕੀਤੀ ਕੁੱਟਮਾਰ

ਸਰਹਾਲੀ ਕਲਾਂ- ਕਸਬਾ ਸਰਹਾਲੀ ਕਲਾਂ ਵਿਚ ਦੇਰ ਸ਼ਾਮ ਥਾਣਾ ਚੋਹਲਾ ਸਾਹਿਬ ਪੁਲਿਸ ਦੀ ਸਰਕਾਰੀ ਗੱਡੀ ਦੀ ਬੁਲਟ ਮੋਟਰਸਾਈਕਲ ਨਾਲ ਟੱਕਰ ਹੋ ਗਈ। ਇਸ ਹਾਦਸੇ ਦੌਰਾਨ ਇਕ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪਰ ਪੁਲਿਸ ਨੇ ਮਿਰਤਕ ਦੇ ਪਰਿਵਾਰਕ ਮੈਂਬਰ ਨਾਲ ਹਮਦਰਦੀ ਦੀ ਉਸ ਨਾਲ ਥਾਣੇ ਲਿਜਾ ਕੇ ਕਥਿਤ ਤੌਰ ’ਤੇ ਕੁੱਟਮਾਰ ਕੀਤੀ। ਮੋਟਰਸਾਈਕਲ ਚਲਾਉਣ ਵਾਲਾ ਇਹ ਨੌਜਵਾਨ ਮਿ੍ਤਕਾ ਦਾ ਭਤੀਜਾ ਸੀ।

ਪੁਲਿਸ ਦੀ ਇਸ ਹਰਕਤ ਤੋਂ ਗੁੱਸੇ ਵਿਚ ਆਏ ਮਿ੍ਤਕਾ ਦੇ ਵਾਰਸਾਂ ਨੇ ਲਾਸ਼ ਥਾਣੇ ਅੱਗੇ ਰੱਖ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ। ਉਨ੍ਹਾਂ ਇਹ ਦੋਸ਼ ਲਾਇਆ ਕਿ ਗੱਡੀ ਚਲਾਉਣ ਵਾਲਾ ਡਰਾਈਵਰ ਸ਼ਰਾਬੀ ਹਾਲਤ ਵਿਚ ਸੀ।

ਅਰਸ਼ਦੀਪ ਸਿੰਘ ਵਾਸੀ ਗੁਰਵਾਲੀ ਨੇ ਦੱਸਿਆ ਉਹ ਆਪਣੀ ਭੂਆ ਪਰਮਜੀਤ ਕੌਰ (45) ਵਾਸੀ ਕਿਰਤੋਵਾਲ ਨੂੰ ਬੁਲਟ ਮੋਟਰਸਾਈਕਲ ’ਤੇ ਕਿਰਤੋਵਾਲ ਤੋਂ ਸਰਹਾਲੀ ਕਲਾਂ ਦਵਾਈ ਲੈਣ ਲਈ ਲੈ ਕੇ ਆ ਰਿਹਾ ਸੀ। ਜਦੋਂ ਉਹ ਚੋਹਲਾ ਸਾਹਿਬ ਮੋੜ ’ਤੇ ਪੁੱਜਾ ਤਾਂ ਪਿੰਡ ਸਰਹਾਲੀ ਵਿਚੋਂ ਨਿਕਲੀ ਥਾਣਾ ਚੋਹਲਾ ਸਾਹਿਬ ਦੀ ਸਰਕਾਰੀ ਗੱਡੀ ਨੇ ਉਨ੍ਹਾਂ ਦੇ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਉਸਦੀ ਭੂਆ ਪਰਮਜੀਤ ਕੌਰ ਗੰਭੀਰ ਰੂਪ ਵਿਚ ਜ਼ਖ਼ਮੀ ਹੋਈ ਗਈ। ਜਦੋਂ ਉਹ ਉਸ ਨੂੰ ਹਸਪਤਾਲ ਲੈ ਕੇ ਗਏ ਤਾਂ ਡਾਕਟਰਾਂ ਨੇ ਮਿ੍ਤਕ ਐਲਾਨ ਦਿੱਤਾ।

ਉਸਨੇ ਦੱਸਿਆ ਕਿ ਉਹ ਘਟਨਾ ਸਬੰਧੀ ਸ਼ਿਕਾਇਤ ਲੈ ਕੇ ਜਦੋਂ ਥਾਣਾ ਸਰਹਾਲੀ ਗਿਆ ਤਾਂ ਐੱਸਐੱਚਓ ਦੀ ਮੌਜੂਦਗੀ ਵਿਚ ਦੋ ਕਰਮਚਾਰੀਆਂ ਨੇ ਉਸਦੇ ਥੱਪੜ ਮਾਰਨੇ ਸ਼ੁਰੂ ਕਰ ਦਿੱਤੇ। ਉਸ ਨੇ ਦੱਸਿਆ ਕਿ ਉਹ ਫੌਜ ਵਿਚ ਸੇਵਾਵਾਂ ਨਿਭਾਅ ਰਿਹਾ ਹੈ, ਪਰ ਪੁਲਿਸ ਨੇ ਉਸ ਨਾਲ ਧੱਕੇਸ਼ਾਹੀ ਕੀਤੀ ਹੈ। ਉਸ ਨੇ ਦੋਸ਼ ਲਗਾਇਆ ਕਿ ਗੱਡੀ ਦਾ ਚਾਲਕ ਸ਼ਰਾਬੀ ਹਾਲਤ ਵਿਚ ਸੀ ਅਤੇ ਤੇਜ਼ ਰਫਤਾਰੀ ਵਿਚ ਗੱਡੀ ਉਨ੍ਹਾਂ ਦੇ ਮੋਟਰਸਾਈਕਲ ਵਿਚ ਮਾਰੀ ਹੈ। ਬਜਾਏ ਉਸ ’ਤੇ ਕਾਰਵਾਈ ਕਰਨ ਦੇ ਇਕ ਫ਼ੌਜੀ ਜਵਾਨ ਦੀ ਕੁੱਟਮਾਰ ਕਰ ਦਿੱਤੀ ਗਈ। ਇਸ ਘਟਨਾ ਦੇ ਚਲਦਿਆਂ ਰੋਸ ਵਿਚ ਆਏ ਮਿ੍ਤਕਾ ਦੇ ਵਾਰਸਾਂ ਨੇ ਲਾਸ਼ ਥਾਣੇ ਅੱਗ ਰੱਖ ਦਿੱਤੀ ਅਤੇ ਧਰਨਾ ਲਗਾ ਦਿੱਤਾ।
ਦੂਜੇ ਪਾਸੇ ਥਾਣਾ ਸਰਹਾਲੀ ਦੇ ਮੁਖੀ ਨਵਦੀਪ ਸਿੰਘ ਨੇ ਕਿਸੇ ਦੀ ਕੁੱਟਮਾਰ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਉਹ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਬਣਦੀ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।