ਵਿਸ਼ੇਸ਼ ਰਿਪੋਰਟ ਜਸਬੀਰ ਵਾਟਾਂਵਾਲੀ
ਕੋਰੋਨਾ ਕਾਲ ਦਰਮਿਆਨ ਜਿਥੇ ਭਾਰਤ ਦੀ ਅਰਥਵਿਵਸਥਾ ਬੁਰੀ ਤਰ੍ਹਾਂ ਡਗਮਗਾਈ ਅਤੇ ਤੇਈ ਕਰੋੜ ਤੋਂ ਵਧੇਰੇ ਭਾਰਤੀ ਗ਼ਰੀਬੀ ਰੇਖਾ ਵਿੱਚ ਚਲੇ ਗਏ ਉੱਥੇ ਹੀ ਗੌਤਮ ਅਡਾਨੀ ਨੂੰ ਇਸ ਕਾਲ ਦਰਮਿਆਨ ਵੀ ਅੰਨ੍ਹੀ ਕਮਾਈ ਹੋਈ ਹੈ। ਇਸ ਗੱਲ ਦਾ ਖੁਲਾਸਾ ਬਲੂਮਬਰਗ ਦੀ ਰਿਪੋਰਟ ’ਚ ਕੀਤਾ ਗਿਆ ਹੈ। ਇਸ ਰਿਪੋਰਟ ਮੁਤਾਬਕ ਇਸ ਸਾਲ ਉਨ੍ਹਾਂ ਦੀ ਜਾਇਦਾਦ ’ਚ 43 ਬਿਲੀਅਨ ਡਾਲਰ ਯਾਨੀ 3.15 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਉਨ੍ਹਾਂ ਦੀ ਜਾਇਦਾਦ ’ਚ ਇਹ ਵਾਧਾ ਮੁਕੇਸ਼ ਅੰਬਾਨੀ ਅਤੇ ਦੁਨੀਆ ਦੇ ਵੱਡੇ ਨਿਵੇਸ਼ਕ ਵਾਰੇਨ ਬਫੇ ਤੋਂ ਵੀ ਜ਼ਿਆਦਾ ਹੈ।
ਕੋਰੋਨਾ ਦੇ ਇਸ ਕਾਲ ਦਰਮਿਆਨ ਗੌਤਮ ਅਡਾਨੀ ਦੀ ਜਾਇਦਾਦ ’ਚ ਰੋਜ਼ਾਨਾ 2000 ਕਰੋੜ ਰੁਪਏ ਦਾ ਵਾਧਾ ਦੇਖਣ ਨੂੰ ਮਿਲਿਆ ਹੈ। ਇਸ ਰਿਪੋਰਟ ਮੁਤਾਬਕ ਗੌਤਮ ਅਡਾਨੀ ਦੀ ਮੌਜੂਦਾ ਜਾਇਦਾਦ 77 ਬਿਲੀਅਨ ਡਾਲਰ ਹੋ ਗਈ ਹੈ ਜੋ ਕਿ ਭਾਰਤੀ ਕਰੰਸੀ ਮੁਤਾਬਕ 5.62 ਲੱਖ ਕਰੋੜ ਰੁਪਏ ਤੋਂ ਵਧੇਰੇ ਹੈ। ਪਿਛਲੇ ਸਾਲ ਗੌਤਮ ਅਡਾਨੀ ਦੀ ਕੁਲ ਜਾਇਦਾਦ 34 ਬਿਲੀਅਨ ਡਾਲਰ ਸੀ। ਇਸ ਸਾਲ ਉਨ੍ਹਾਂ ਦੀ ਜਾਇਦਾਦ ’ਚ 43 ਬਿਲੀਅਨ ਡਾਲਰ 3.15 ਲੱਖ ਕਰੋੜ ਰੁਪਏ ਦਾ ਵਾਧਾ ਹੋਇਆ ਹੈ। ਗੌਤਮ ਅਡਾਨੀ ਦੀ ਜਾਇਦਾਦ ’ਚ ਹੋਏ ਇਸ ਵਾਧੇ ਦਾ ਮੁੱਖ ਕਾਰਨ ਉਨ੍ਹਾਂ ਦੀਆਂ ਕੰਪਨੀਆਂ ਦੇ ਸ਼ੇਅਰਾਂ ’ਚ ਆਇਆ ਜ਼ਬਰਦਸਤ ਉਛਾਲ ਦੱਸਿਆ ਜਾ ਰਿਹਾ ਹੈ। ਬਲੂਮਬਰਗ ਦੀ ਰਿਪੋਰਟ ਮੁਤਾਬਕ ਉਨ੍ਹਾਂ ਦੀ ਕੰਪਨੀ ‘ਅਡਾਨੀ ਟੋਟਲ ਗੈਸ’ ਨੇ ਇਸ ਸਾਲ 330 ਫੀਸਦੀ ਵਾਧਾ ਦਿੱਤਾ ਹੈ। ਇਸੇ ਤਰ੍ਹਾਂ ਅਡਾਨੀ ਐਂਟਰਪ੍ਰਾਈਜੇਜ਼ ਦੇ ਸ਼ੇਅਰਾਂ ’ਚ 235 ਫੀਸਦੀ ਦਾ ਉਛਾਲ ਦੇਖਣ ਨੂੰ ਮਿਲਿਆ ਹੈ।
ਦੂਜੇ ਪਾਸੇ ਭਾਰਤ ਦਾ ਇੱਕ ਵੱਡਾ ਤਬਕਾ ਕੋਰੋਨਾ ਕਾਲ ਦਰਮਿਆਨ ਰੋਜ਼ੀ ਰੋਟੀ ਤੋਂ ਵੀ ਮੁਥਾਜ ਹੋ ਕੇ ਰਹਿ ਗਿਆ ਹੈ। ਸਟੇਟ ਆਫ ਵਰਕਿੰਗ ਇੰਡੀਆ 2021 ਦੇ ਅਧਿਐਨ ਮੁਤਾਬਕ ਕੋਵਿਡ ਦੇ ਇੱਕ ਸਾਲ ਦੇ ਦੌਰਾਨ 23 ਕਰੋੜ ਤੋਂ ਵਧੇਰੇ ਭਾਰਤੀ ਗ਼ਰੀਬੀ ਦੀ ਦਲਦਲ ਵਿੱਚ ਧਸ ਗਏ ਹਨ । ਇਸ ਰਿਪੋਰਟ ਮੁਤਾਬਕ 230 ਮਿਲੀਅਨ ਜਾਂ 23 ਕਰੋੜ ਭਾਰਤੀਆਂ ਦੀ ਆਮਦਨ ਗਰੀਬੀ ਰੇਖਾ ਤੋਂ ਹੇਠਾਂ ਆ ਗਈ ਹੈ । ਇਨ੍ਹਾਂ ਵਿਅਕਤੀਆਂ ਦੀ ਰੋਜ਼ਾਨਾ ਦੀ ਕਮਾਈ 375 ਰੁਪਏ ਤੋਂ ਵੀ ਹੇਠਾਂ ਚਲੀ ਗਈ ਹੈ। ਇਸ ਰਿਪੋਰਟ ਅਨੁਸਾਰ ਪੇਂਡੂ ਖੇਤਰਾਂ ਵਿੱਚ 15 ਫੀਸਦੀ ਅਤੇ ਸ਼ਹਿਰੀ ਖੇਤਰਾਂ ਵਿੱਚ ਤਕਰੀਬਨ 20 ਲੋਕ ਗਰੀਬ ਰੇਖਾ ਤੋਂ ਹੇਠਾਂ ਧਸ ਗਏ ਹਨ। ਅਧਿਐਨ ਵਿਚ ਕਿਹਾ ਗਿਆ ਹੈ ਕਿ ਜੇ ਮਹਾਂਮਾਰੀ ਦੀ ਨਾ ਵਾਪਰਦੀ, ਤਾਂ ਪੇਂਡੂ ਖੇਤਰਾਂ ਵਿਚ ਗਰੀਬੀ 5 ਫੀਸਦੀ ਅਤੇ ਸ਼ਹਿਰੀ ਖੇਤਰਾਂ ਵਿਚ ਸਿਰਫ 1.5 ਫੀਸਦੀ ਲੋਕ ਦੇ ਗਰੀਬੀ ਵਿਚ ਡਿੱਗਣ ਦਾ ਅਨੁਮਾਨ ਸੀ।
ਇਸੇ ਤਰ੍ਹਾਂ ਕੋਵਿਡ -19 ਕਾਰਨ ਡਾਵਾਂਡੋਲ ਹੋਈ ਭਾਰਤ ਆਰਥ ਵਿਵਸਥਾ ਨੇ ਬੇਰੁਜ਼ਗਾਰੀ ਦੀ ਦਰ ਵਿਚ ਵੀ ਵੱਡਾ ਵਾਧਾ ਕੀਤਾ ਹੈ। ਇਸ ਅਧਿਐਨ ਵਿੱਚ ਕਿਹਾ ਗਿਆ ਹੈ ਕਿ ਸਾਲ 2019 ਦੇ ਅਖੀਰ ਤੋਂ ਲੈ ਕੇ 2020 ਦੇ ਦਰਮਿਆਨ ਲਗਭਗ ਅੱਧੇ ਰਸਮੀ ਤਨਖਾਹ ਵਾਲੇ ਕਾਮੇ ਗ਼ੈਰ-ਰਸਮੀ ਕੰਮ ਕਰਨ ਨੂੰ ਮਜਬੂਰ ਹੋਏ ਹਨ। ਇਨ੍ਹਾਂ ਵਿਚੋ 30 ਫੀਸਦੀ ਲੋਕਾਂ ਨੇ ਮਜਬੂਰੀ ਵੱਸ ਛੋਟੇ ਮੋਟੇ ਕੰਮ ਖੋਲ੍ਹ ਲਏ ਹਨ ਅਤੇ ਕਰੀਬ 10 ਫੀਸਦੀ ਲੋਕ ਦਿਹਾੜੀਆਂ ਕਰਨ ਲਈ ਮਜਬੂਰ ਹੋਏ ਹਨ।
ਰਿਪੋਰਟ ਮੁਤਾਬਕ ਮਹਾਮਾਰੀ ਦਾ ਅਸਰ ਹਰ ਵਰਗ ‘ਤੇ ਪਿਆ ਹੈ ਪਰ ਇਸ ਦਾ ਸਭ ਤੋਂ ਜ਼ਿਆਦਾ ਕਹਿਰ ਗਰੀਬ ਪਰਿਵਾਰਾਂ ‘ਤੇ ਵਰ੍ਹਿਆ ਹੈ। ਪਿਛਲੇ ਸਾਲ ਅਪ੍ਰੈਲ ਅਤੇ ਮਈ ਵਿੱਚ ਸਭ ਤੋਂ ਗਰੀਬ ਲੋਕਾਂ ਵਿੱਚੋਂ ਵੀਹ ਫੀਸਦੀ ਪਰਿਵਾਰਾਂ ਦੀ ਆਮਦਨੀ ਪੂਰੀ ਤਰ੍ਹਾਂ ਖ਼ਤਮ ਹੋ ਗਈ। ਜੋ ਮੱਧਮ ਕਿਸਮ ਦੇ ਅਮੀਰ ਹਨ, ਉਨ੍ਹਾਂ ਦੀ ਆਮਦਨੀ ਵੀ ਪਹਿਲਾਂ ਦੇ ਮੁਕਾਬਲੇ ਕਾਫੀ ਘੱਟ ਹੋ ਗਈ ਹੈ।
ਇਸ ਸਭ ਦੇ ਉਲਟ ਕੋਰੋਨਾ ਕਾਲ ਦਰਮਿਆਨ ਹੀ ਗੌਤਮ ਅਡਾਨੀ ਦੀ ਜਾਇਦਾਦ ਵਿੱਚ ਹੋਇਆ ਇਹ ਬੇਹਿਸਾਬ ਵਾਧਾ ਹਰ ਕਿਸੇ ਨੂੰ ਰੜਕ ਰਿਹਾ ਹੈ। ਗੌਤਮ ਅਡਾਨੀ ਦੀ ਜਾਇਦਾਦ ਵਿੱਚ ਹੋਇਆ ਇਹ ਵਾਧਾ ਅਮੀਰ ਅਤੇ ਗ਼ਰੀਬ ਦੇ ਵਿਚਕਾਰ ਪਈ ਖਾਈ ਨੂੰ ਹੋਰ ਵੀ ਡੂੰਘਾ ਕਰਦਾ ਨਜ਼ਰ ਆ ਰਿਹਾ ਹੈ।