Site icon TV Punjab | English News Channel

ਪੰਜਾਬ ਵਿਚ ਬਿਜਲੀ ਸੰਕਟ ਹੋਇਆ ਹੋਰ ਵੀ ਭਿਆਨਕ, ਤਲਵੰਡੀ ਸਾਬੋ ਥਰਮਲ ਪਲਾਂਟ ਹੋਇਆ ਬਿਲਕੁਲ ਬੰਦ

ਤਲਵੰਡੀ ਸਾਬੋ- ਮੌਜੂਦਾ ਦੌਰ ਅੰਦਰ ਪੰਜਾਬ ’ਚ ਬਿਜਲੀ ਸੰਕਟ ਬੇਹੱਦ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਅਜਿਹੇ ਵਿਚ ਨਿੱਜੀ ਥਰਮਲ ਪਲਾਂਟਾਂ ਦਾ ਖਰਾਬ ਹੋਣਾ ਅਤੇ ਭਾਖੜਾ ਡੈਮ ਵਿਚ ਪਾਣੀ ਦਾ ਪੱਧਰ ਘੱਟਣਾ ਇਸ ਸੰਕਟ ਨੂੰ ਹੋਰ ਵੀ ਭਿਆਨਕ ਬਣਾ ਰਿਹਾ ਹੈ। ਜਾਣਕਾਰੀ ਮੁਤਾਬਕ ਤਲਵੰਡੀ ਸਾਬੋ ਨਿੱਜੀ ਥਰਮਲ ਪਲਾਂਟ ਬਿਲਕੁਲ ਹੀ ਬੰਦ ਹੋ ਗਿਆ। ਇਸ ਤੋਂ ਪਹਿਲਾਂ ਰੋਪੜ ਸਥਿਤ ਸਰਕਾਰੀ ਥਰਮਲ ਪਲਾਂਟ ਦਾ ਯੂਨਿਟ ਨੰਬਰ-3 ਬੰਦ ਹੋ ਗਿਆ ਸੀ, ਜੋ ਬੀਤੀ ਦੇਰ ਸ਼ਾਮ ਤੱਕ ਮੁੜ ਨਹੀਂ ਚੱਲ ਸਕਿਆ। ਪ੍ਰਾਈਵੇਟ ਖੇਤਰ ਦੇ ਤਲਵੰਡੀ ਸਾਬੋ ਪਲਾਂਟ ਦਾ ਇਕ ਯੂਨਿਟ ਮਾਰਚ ਦੇ ਸ਼ੁਰੂ ’ਚ 8 ਤਾਰੀਖ਼ ਨੂੰ ਬੰਦ ਹੋ ਗਿਆ ਸੀ। ਦੂਜਾ ਯੂਨਿਟ 4 ਜੁਲਾਈ ਤੋਂ ਬੰਦ ਹੈ, ਜਦੋਂ ਕਿ ਤੀਜਾ ਯੂਨਿਟ, ਤਕਨੀਕੀ ਖ਼ਰਾਬੀ ਆਉਣ ਕਾਰਨ ਅੱਧੀ ਸਮਰੱਥਾ ’ਤੇ ਚੱਲ ਰਿਹਾ ਸੀ, ਉਹ ਨੀਤੀ ਸ਼ਾਮ 4 ਵਜੇ ਬੰਦ ਹੋ ਗਿਆ।
ਇਸ ਤਰੀਕੇ ਪ੍ਰਾਈਵੇਟ ਸੈਕਟਰ ਦਾ ਇਹ ਥਰਮਲ ਪਲਾਂਟ ਪੰਜਾਬ ’ਚ ਝੋਨੇ ਦੇ ਸੀਜ਼ਨ ਵਿਚ ਗੰਭੀਰ ਹਾਲਾਤ ’ਚ ਬੰਦ ਹੋ ਗਿਆ ਹੈ। ਭਾਵੇਂ ਕਿ ਪੰਜਾਬ ਰਾਜ ਬਿਜਲੀ ਨਿਗਮ ਲਿਮਟਿਡ (ਪਾਵਰਕਾਮ) ਨੇ ਇਸ ਪਲਾਂਟ ਦੇ ਪਹਿਲੇ ਯੂਨਿਟ ਦੇ ਬੰਦ ਹੋਣ ਨੂੰ ਲੈ ਕੇ ਇਸ ਨੂੰ ਨੋਟਿਸ ਦਿੱਤਾ ਹੋਇਆ ਹੈ ਪਰ ਇਸ ਪਲਾਂਟ ਨਾਲ ਪਾਵਰਕਾਮ ਕਿਸ ਤਰੀਕੇ ਨਜਿੱਠਦਾ ਹੈ, ਇਸ ’ਤੇ ਸਮੁੱਚੇ ਪੰਜਾਬ ਦੀ ਨਜ਼ਰ ਹੋਵੇਗੀ। ਦੱਸਣਯੋਗ ਹੈ ਕਿ ਤਲਵੰਡੀ ਸਾਬੋ ਥਰਮਲ ਪਲਾਂਟ 1980 ਮੈਗਾਵਾਟ ਦਾ ਪਲਾਂਟ ਹੈ, ਜਿਸ ਦੇ ਤਿੰਨ 660 ਮੈਗਾਵਾਟ ਹਰੇਕ ਸਮਰੱਥਾ ਦੇ ਯੂਨਿਟ ਹਨ।

ਇਹ ਵੀ ਦੱਸਣਯੋਗ ਹੈ ਕਿ ਰੋਪੜ ਸਥਿਤ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਦਾ ਯੂਨਿਟ ਨੰਬਰ-3 ਬੰਦ ਹੈ, ਜੋ 9 ਜੁਲਾਈ ਨੂੰ ਦੇਰ ਸ਼ਾਮ ਤੱਕ ਚਾਲੂ ਨਹੀਂ ਹੋ ਸਕਿਆ ਸੀ। ਇਸ ਦੌਰਾਨ ਹਾਈਡਲ ਦੇ ਖੇਤਰ ’ਚ ਰਣਜੀਤ ਸਾਗਰ ਡੈਮ ਦਾ ਵੀ ਇਕ ਯੂਨਿਟ ਕਾਫੀ ਦਿਨਾਂ ਤੋਂ ਬੰਦ ਪਿਆ ਹੈ। ਰੋਪੜ ਦਾ ਯੂਨਿਟ 210 ਮੈਗਾਵਾਟ ਦਾ ਹੈ। ਇਸ ਦਾ ਮਤਲਬ ਕਿ ਤਲਵੰਡੀ ਸਾਬੋ ਪਲਾਂਟ ਤੇ ਰੋਪੜ ਯੂਨਿਟ ਦੇ ਬੰਦ ਹੋਣ ਕਾਰਨ ਪਾਵਰਕਾਮ ਨੂੰ 2190 ਮੈਗਾਵਾਟ ਬਿਜਲੀ ਸਪਲਾਈ ਮਿਲਣੀ ਬੰਦ ਹੋ ਗਈ ਹੈ। ਪੰਜਾਬ ਦੀ ਪੀਕ ਲੋਡ ਵੇਲੇ ਦੀ ਮੰਗ ਪੂਰੀ ਕਰਨ ’ਚ ਪ੍ਰਾਈਵੇਟ ਤੇ ਥਰਮਲ ਦੋਵੇਂ ਫੇਲ੍ਹ ਹੁੰਦੇ ਨਜ਼ਰੀਂ ਪੈ ਰਹੇ ਹਨ।

ਇਸ ਦੌਰਾਨ ਮੰਗ 12 ਹਜ਼ਾਰ ਮੈਗਾਵਾਟ ਦੇ ਕਰੀਬ ਸੀ। ਭਾਵੇਂ ਕਿ ਪੰਜਾਬ ਦੇ ਕੁੱਝ ਇਲਾਕਿਆਂ ’ਚ ਬਰਸਾਤ ਹੋਈ ਹੈ ਪਰ ਇਸ ਨਾਲ ਪਾਵਰਕਾਮ ਨੂੰ ਥੋੜ੍ਹੀ ਰਾਹਤ ਹੀ ਮਿਲੀ ਹੈ। ਪਾਵਰਕਾਮ ਮੈਨੇਜਮੈਂਟ ਇਸ ਵਾਰ ਦੇ ਬਿਜਲੀ ਸੰਕਟ ਲਈ ਮੌਸਮ ਵਿਗਿਆਨੀਆਂ ਨੂੰ ਵੀ ਦੋਸ਼ ਦੇ ਰਿਹਾ ਹੈ। ਮੈਨਜਮੈਂਟ ਦਾ ਕਹਿਣਾ ਹੈ ਕਿ ਮੌਸਮ ਵਿਗਿਆਨੀ ਹੀ ਮੀਂਹ ਪੈਣ ਦੀ ਸਹੀ ਤਾਰੀਖ਼ ਨਹੀਂ ਦੱਸ ਸਕੇ ਅਤੇ ਵਾਰ-ਵਾਰ ਤਾਰੀਖ਼ ਬਦਲਦੇ ਰਹੇ, ਜਿਸ ਕਾਰਨ ਅਜਿਹੇ ਹਾਲਾਤ ਬਣੇ ਹਨ।