ਬਰਨਾਲਾ : ਭਾਰਤੀ ਕਿਸਾਨ ਯੁਨੀਅਨ ਏਕਤਾ ਡਕੌਂਦਾ ਬਲਾਕ ਬਰਨਾਲਾ ਵੱਲੋਂ ਸ਼ਹੀਦ ਕਿਰਨਜੀਤ ਕੌਰ ਮਹਿਲਕਲਾਂ ਦੇ ਕਿਸਾਨ ਅੰਦੋਲਨ ਨੂੰ ਸਮਰਪਿਤ 24 ਵੇਂ ਬਰਸੀ ਸਮਾਗਮ ਨੂੰ ਸਫਲ ਬਨਾਉਣ ਲਈ ਠੀਕਰੀਵਾਲ, ਸੰਘੇੜਾ, ਕਰਮਗੜ੍ਹ ਵਿਖੇ ਮੀਟਿੰਗਾਂ/ਨੁੱਕੜ ਨਾਟਕ ਖੇਡੇ ਗਏ।
ਇਸ ਸਮੇਂ ਵੱਡੀ ਗਿਣਤੀ ਵਿਚ ਸ਼ਾਮਿਲ ਲੋਕਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ 12 ਅਗਸਤ ਨੂੰ ਦਾਣਾ ਮੰਡੀ ਮਹਿਲਕਲਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ।
ਇਨ੍ਹਾਂ ਮੀਟਿੰਗਾਂ ਵਿਚ ਮੇਜਰ ਸਿੰਘ ਸੰਘੇੜਾ, ਜਸਵੰਤ ਸਿੰਘ ਸੰਘੇੜਾ, ਦਰਸ਼ਨ ਸਿੰਘ ਠੀਕਰੀਵਾਲ , ਬਲਵੰਤ ਸਿੰਘ ਠੀਕਰੀਵਾਲ, ਪਰਮਜੀਤ ਕੌਰ ਠੀਕਰੀਵਾਲ ਨੇ ਆਗੂ ਟੀਮ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ਹੀਦ ਕਿਰਨਜੀਤ ਕੌਰ ਦੇ 24 ਵੇਂ ਬਰਸੀ ਸਮਾਗਮ ਵਿਚ ਤਿਆਰੀਆਂ ਕਰਕੇ ਕਾਫਲੇ ਬੰਨ੍ਹਕੇ ਪਹੁੰਚਣਗੇ।
ਆਗੂਆਂ ਨੇ ਦੱਸਿਆ ਕਿ 11 ਅਗਸਤ ਤੱਕ ਪੂਰੇ ਬਲਾਕ ਦੇ ਪਿੰਡਾਂ ਅੰਦਰ ਨੁੱਕੜ ਨਾਟਕ/ਵੱਡੀਆਂ ਮੀਟਿੰਗਾਂ ਰਾਹੀਂ ਕਿਸਾਨ ਅੰਦੋਲਨ ਅਤੇ ਸ਼ਹੀਦ ਕਿਰਨਜੀਤ ਦੀ ਸ਼ਹਾਦਤ ਦਾ ਸੰਦੇਸ਼ ਦਿੱਤਾ ਜਾਵੇਗਾ।
ਟੀਵੀ ਪੰਜਾਬ ਬਿਊਰੋ