ਕਪੂਰਥਲਾ : ਕਪੂਰਥਲਾ ਦੀ ਕੇਂਦਰੀ ਜੇਲ੍ਹ ਵਿਚ ਕੈਦੀ ਦੀ ਖਰਾਬ ਸਿਹਤ ਨੂੰ ਦੇਖਦਿਆਂ ਸਾਥੀ ਕੈਦੀ ਨੇ ਉਸਨੂੰ ਕੋਈ ਟੀਕਾ ਲਗਾ ਦਿੱਤਾ ਜਿਸ ਕਾਰਨ ਉਸਦੀ ਹਾਲਤ ਵਿਗੜ ਗਈ। ਉਸ ਨੂੰ ਤੁਰੰਤ ਜੇਲ੍ਹ ਦੇ ਹਸਪਤਾਲ ਲਿਜਾਇਆ ਗਿਆ ਜਿੱਥੇ ਕਿ ਇਲਾਜ ਦੌਰਾਨ ਉਸਦੀ ਮੌਤ ਹੋ ਗਈ। ਥਾਣਾ ਕੋਤਵਾਲੀ ਪੁਲਿਸ ਨੇ ਜੇਲ੍ਹ ਦੇ ਸਹਾਇਕ ਸੁਪਰਡੈਂਟ ਦੇ ਬਿਆਨਾਂ ਦੇ ਆਧਾਰ ‘ਤੇ ਇਕ ਕੈਦੀ ਦੇ ਖਿਲਾਫ ਆਈਪੀਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮ੍ਰਿਤਕ ਦੀ ਪਛਾਣ ਲਖਵਿੰਦਰ ਸਿੰਘ ਉਰਫ ਲੱਖਾ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਹਰਚੋਵਾਲ ਗੁਰਦਾਸਪੁਰ ਵਜੋਂ ਹੋਈ ਹੈ।
ਐਸਪੀ ਜੇਲ੍ਹ ਬਲਜੀਤ ਸਿੰਘ ਘੁੰਮਣ ਨੇ ਦੱਸਿਆ ਕਿ ਲਖਵਿੰਦਰ ਸਿੰਘ ਖ਼ਿਲਾਫ਼ ਧਾਰਾ 302 ਅਧੀਨ ਕੇਸ ਦਰਜ ਕੀਤਾ ਗਿਆ ਸੀ ਅਤੇ ਉਹ ਆਪਣੀ ਕੈਦ ਕੱਟ ਰਿਹਾ ਸੀ। ਜਦੋਂ ਸੋਮਵਾਰ ਨੂੰ ਉਸਦੀ ਸਿਹਤ ਅਚਾਨਕ ਖ਼ਰਾਬ ਹੋ ਗਈ, ਤਾਂ ਬੈਰਕ ਵਿਚ ਬੰਦ ਕੈਦੀ ਵਿਸ਼ਾਲ ਅਤੇ ਕੈਦੀ ਤੀਰਥ ਸਿੰਘ ਨੇ ਜੇਲ੍ਹ ਦੇ ਹਸਪਤਾਲ ਵਿਚੋਂ ਕਿਸੇ ਤਰ੍ਹਾਂ ਟੀਕਾ ਲਗਾਉਣ ਵਾਲੀ ਸੂਈ ਚੋਰੀ ਕਰ ਲਈ ਅਤੇ ਪਤਾ ਨਹੀਂ ਕੈਦੀ ਨੂੰ ਕਿਹੜਾ ਟੀਕਾ ਲਗਾ ਦਿੱਤਾ ।
ਘਟਨਾ ਦੀ ਸੂਚਨਾ ਮਿਲਦੇ ਹੀ ਉਸਨੂੰ ਤੁਰੰਤ ਜੇਲ੍ਹ ਦੇ ਹਸਪਤਾਲ ਪਹੁੰਚਾਇਆ ਗਿਆ। ਜਿੱਥੇ ਕਿ ਡਿਊਟੀ ਕਰਨ ਵਾਲੇ ਡਾਕਟਰ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਥਾਣਾ ਇੰਚਾਰਜ ਹਰਪਾਲ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਸਿਵਲ ਹਸਪਤਾਲ ਤੋਂ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਮੈਜਿਸਟਰੇਟ ਦੇ ਆਦੇਸ਼ਾਂ ਅਨੁਸਾਰ ਵੀਡੀਓਗ੍ਰਾਫੀ ਕਰਵਾ ਕੇ ਪੋਸਟ ਮਾਰਟਮ ਕਰਵਾ ਦਿੱਤਾ ਹੈ। ਪੋਸਟ ਮਾਰਟਮ ਦੀ ਰਿਪੋਰਟ ਆਉਣ ਤੋਂ ਬਾਅਦ ਮੌਤ ਦੇ ਕਾਰਨਾਂ ਦਾ ਖੁਲਾਸਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮਾਮਲੇ ਵਿੱਚ ਲੋੜੀਂਦੇ ਹਵਾਲਾਤੀ ਅਤੇ ਕੈਦੀ ਨੂੰ ਜਲਦੀ ਹੀ ਪ੍ਰੋਡਕਸ਼ਨ ਵਾਰੰਟ ‘ਤੇ ਥਾਣਾ ਕੋਤਵਾਲੀ ਲਿਆਂਦਾ ਜਾਵੇਗਾ।
ਟੀਵੀ ਪੰਜਾਬ ਬਿਊਰੋ