Site icon TV Punjab | English News Channel

ਮੁੱਖ ਮੰਤਰੀ ਨੇ ਜੈਸ਼ੰਕਰ ਨੂੰ ਯੂ.ਕੇ. ਤੋਂ ਸ਼ਹੀਦ ਊਧਮ ਸਿੰਘ ਦੀਆਂ ਨਿੱਜੀ ਵਸਤਾਂ ਦੀ ਵਾਪਸੀ ਲਈ ਲਿਖਿਆ ਪੱਤਰ

ਚੰਡੀਗੜ੍ਹ : ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈਸ਼ੰਕਰ ਤੋਂ ਮੰਗ ਕੀਤੀ ਹੈ ਕਿ ਯੂ.ਕੇ. ਤੋਂ ਸ਼ਹੀਦ ਊਧਮ ਸਿੰਘ ਦੀਆਂ ਨਿੱਜੀ ਚੀਜ਼ਾਂ ਜਿਨਾਂ ਵਿਚ ਉਨਾਂ ਦੀ ਪਿਸਤੌਲ ਅਤੇ ਨਿੱਜੀ ਡਾਇਰੀ ਸ਼ਾਮਲ ਹੈ, ਵਾਪਸ ਲਿਆਉਣ ਲਈ ਯੂ.ਕੇ. ਦੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇ।

ਕੇਂਦਰੀ ਮੰਤਰੀ ਨੂੰ ਲਿਖੇ ਆਪਣੇ ਪੱਤਰ ਵਿਚ ਮੁੱਖ ਮੰਤਰੀ ਨੇ ਉਨ੍ਹਾਂ ਨੂੰ ਇਹ ਅਪੀਲ ਕੀਤੀ ਹੈ ਕਿ ਇਹ ਮੁੱਦਾ ਯੂ.ਕੇ. ਦੀ ਸਰਕਾਰ ਕੋਲ ਚੁੱਕਿਆ ਜਾਵੇ ਤਾਂ ਜੋ ਆਜ਼ਾਦੀ ਦੀ 75ਵੀਂ ਵਰੇਗੰਢ ਮਨਾ ਰਿਹਾ ਭਾਰਤ ਇਸ ਸ਼ਹੀਦ ਅਤੇ ਮਹਾਨ ਦੇਸ਼ ਭਗਤ ਨੂੰ ਆਪਣੀ ਸ਼ਰਧਾਂਜਲੀ ਦੇ ਸਕੇ।

ਪੱਤਰ ਵਿਚ ਮੁੱਖ ਮੰਤਰੀ ਨੇ ਅੱਗੇ ਲਿਖਿਆ ਹੈ, ‘‘ਤੁਹਾਨੂੰ ਪਤਾ ਹੋਵੇਗਾ ਕਿ ਇਸੇ ਪਿਸਤੌਲ ਨਾਲ ਸ਼ਹੀਦ ਊਧਮ ਸਿੰਘ ਨੇ ਜਲਿਆਂਵਾਲਾ ਬਾਗ ਵਿਖੇ, ਜਿੱਥੇ ਕਿ ਉਸ ਸਮੇਂ ਦੇ ਪੰਜਾਬ ਦੇ ਲੈਫਟੀਨੈਂਟ ਗਵਰਨਰ ਮਾਈਕਲ ਓ’ਡਵਾਇਰ ਦੇ ਹੁਕਮਾਂ ਨਾਲ ਸੈਂਕੜਿਆਂ ਹੀ ਨਿਹੱਥੇ ਅਤੇ ਮਾਸੂਮ ਭਾਰਤੀਆਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ, ਬਿ੍ਰਟਿਸ਼ ਹਕੂਮਤ ਦੁਆਰਾ ਕੀਤੀ ਗਈ ਘਿਨਾਉਣੀ ਕਾਰਵਾਈ ਦਾ ਬਦਲਾ ਲਿਆ ਸੀ।

ਇਹ ਓਹੀ ਪਿਸਤੌਲ ਹੈ ਜਿਸ ਨਾਲ ਸ਼ਹੀਦ ਊਧਮ ਸਿੰਘ ਨੇ ਲੰਡਨ ਦੇ ਕੈਕਸਟਨ ਹਾਲ ਵਿਖੇ ਮਾਈਕਲ ਓਡਵਾਇਰ ਨੂੰ ਮਾਰਿਆ ਸੀ।’’ ਮੁੱਖ ਮੰਤਰੀ ਨੇ ਅੱਗੇ ਕਿਹਾ, ‘‘ਇਹ ਵੀ ਪਤਾ ਲੱਗਾ ਹੈ ਕਿ ਸ਼ਹੀਦ ਊਧਮ ਸਿੰਘ ਇਕ ਨਿੱਜੀ ਡਾਇਰੀ ਵੀ ਰੱਖਦੇ ਸਨ ਜਿਸ ਨੂੰ ਕਿ ਭਾਰਤ ਵਾਪਸ ਲਿਆਂਦਾ ਜਾਣਾ ਬਹੁਤ ਜ਼ਰੂਰੀ ਹੈ ਤਾਂ ਜੋ ਦੇਸ਼ ਦੇ ਲੋਕ ਇਸ ਤੋਂ ਪ੍ਰੇਰਣਾ ਲੈ ਸਕਣ।’’

ਟੀਵੀ ਪੰਜਾਬ ਬਿਊਰੋ