ਵਿਸ਼ੇਸ਼ ਰਿਪੋਰਟ- ਜਸਬੀਰ ਵਾਟਾਂਵਾਲੀ
ਵਿਧਾਨ ਸਭਾ ਚੋਣਾਂ 2022 ਭਾਵੇਂ ਅਜੇ ਕੁਝ ਦੂਰੀ ‘ਤੇ ਹਨ ਪਰ ਸਿਆਸੀ ਆਗੂਆਂ ਦੀ ਦਲ ਬਦਲਣ ਦੀ ਕਵਾਇਦ ਨੇ ਚੋਣ ਮਾਹੌਲ ਨੂੰ ਕਾਫੀ ਹੱਦ ਤੱਕ ਗਰਮਾਅ ਦਿੱਤਾ ਹੈ। ਇਨ੍ਹਾਂ ਸਿਆਸੀ ਆਗੂਆਂ ਨੂੰ ਦਲ ਬਦਲਦਿਆਂ ਦੇਖ ਇਸ ਤਰ੍ਹਾਂ ਜਾਪ ਰਿਹਾ ਹੈ ਕਿ ਜਿਵੇਂ… ਚੋਣਾਂ ਅੱਜ ਭਲਕ ਹੀ ਆਉਣ ਵਾਲੀਆਂ ਹੋਣ। ਦਲ ਬਦਲਣ ਦੀਆਂ ਇਹ ਗਤੀਵਿਧੀਆਂ ਐਨੀਆਂ ਤੇਜ਼ ਹਨ ਕਿ ਹਰ ਹਫ਼ਤੇ ਕੋਈ ਨਾ ਕੋਈ ਸਿਆਸੀ ਆਗੂ ਇਕ ਪਾਰਟੀ ਚੋਂ ਦੂਜੀ ਪਾਰਟੀ ਚ ਸ਼ਾਮਲ ਹੋ ਰਿਹਾ ਹੈ ।
ਦਲ ਬਦਲਣ ਅਤੇ ਇੱਧਰੋਂ-ਓਧਰ ਛਾਲ ਮਾਰਨ ਦੀ ਕਵਾਇਦ ਨੂੰ ਅੱਜ ਉਦੋਂ ਹੋਰ ਬਲ ਮਿਲਿਆ ਜਦੋਂ ਆਮ ਆਦਮੀ ਪਾਰਟੀ ਤੋਂ ਅਕਾਲੀ ਦਲ ਵਿੱਚ ਗਏ ਸੱਜਣ ਸਿੰਘ ਚੀਮਾ ਮੁੜ ਆਮ ਆਦਮੀ ਪਾਰਟੀ ਵਿੱਚ ਹੀ ਆ ਗਏ।
ਦ0(000ਲ ਬਦਲਣ ਦੀ ਇਸੇ ਕਵਾਇਦ ਦੇ ਅਧੀਨ ਕੁਝ ਦਿਨ ਪਹਿਲਾਂ ਸੁਖਪਾਲ ਸਿੰਘ ਖਹਿਰਾ ਨੇ ਵੀ ਆਪਣੇ ਤਿੰਨ ਸਾਥੀ ਵਿਧਾਇਕਾਂ ਸਣੇ ਮੁੜ ਕਾਂਗਰਸ ਵਿੱਚ ਛਾਲ ਮਾਰ ਦਿੱਤੀ ਸੀ। ਇਸ ਤੋਂ ਕੁਝ ਦਿਨ ਪਹਿਲਾਂ ਅਕਾਲੀ ਦਲ ਨਾਲ ਪੀੜ੍ਹੀਆਂ ਤੋਂ ਜੁੜੇ ਹੋਏ ਪਰਿਵਾਰ ਵਿੱਚੋਂ ਜਗਜੀਵਨ ਸਿੰਘ ਖੀਰਨੀਆਂ ਵੀ ਅਕਾਲੀ ਦਲ ਨਾਲੋਂ ਨਾਤਾ ਤੋੜ ਕੇ ‘ਆਪ’ ਵਿੱਚ ਸ਼ਾਮਲ ਹੋ ਗਏ ਸਨ। ਜਗਜੀਵਨ ਸਿੰਘ ਖੀਰਨੀਆਂ ਦਾ ਪਰਿਵਾਰ ਪਿਤਾ ਪੁਰਖੀ ਅਕਾਲੀ ਦਲ ਨਾਲ ਜੁੜਿਆ ਆ ਰਿਹਾ ਸੀ। ਜਗਜੀਵਨ ਸਿੰਘ ਦੇ ਪਿਤਾ ਸਵਰਗੀ ਜਥੇਦਾਰ ਕ੍ਰਿਪਾਲ ਸਿੰਘ ਖੀਰਨੀਆਂ ਪੰਜਾਬ ਵਿਚ ਅਕਾਲੀ ਦਲ ਦੇ ਚੰਗੇ ਆਗੂਆਂ ਵਜੋਂ ਜਾਣੇ ਜਾਂਦੇ ਸਨ।
ਦਲ ਬਦਲਣ ਦੀ ਇਸ ਕਵਾਇਦ ਨੂੰ ਬੀਤੇ ਮਹੀਨੇ ਦੌਰਾਨ ਵੀ ਕਾਫ਼ੀ ਹਵਾ ਮਿਲੀ ਸੀ ਜਦੋਂ ਫਿਰੋਜ਼ਪੁਰ ਦੇ 2 ਵੱਡੇ ਚਿਹਰੇ ਡਾ. ਮਹਿੰਦਰ ਕੁਮਾਰ ਰਿਣਵਾਂ ਅਤੇ ਹੰਸ ਰਾਜ ਜੋਸਨ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ । ਇਹ ਦੋਵੇਂ ਸਿਆਸੀ ਆਗੂ ਕਾਂਗਰਸ ਦੇ ਸਾਬਕਾ ਵਿਧਾਇਕ ਰਹਿ ਚੁੱਕੇ ਹਨ ।
ਸੱਜਣ ਸਿੰਘ ਚੀਮਾ ਨੇ ਅਕਾਲੀ ਦਲ ਨੂੰ ਕਿਉਂ ਕਿਹਾ ਅਲਵਿਦਾ?
ਗੱਲ ਸੱਜਣ ਸਿੰਘ ਚੀਮਾ ਦੇ ਆਪ ਵਿੱਚ ਛਾਲ ਮਾਰਨ ਦੀ ਕਰੀਏ ਤਾਂ ਅਸੀਂ ਸਭ ਭਲੀ ਭਾਂਤ ਜਾਣਦੇ ਹਾਂ ਕਿ ਇਹ ਸਿਆਸੀ ਆਗੂ ਇਕ ਪਾਰਟੀ ਚੋਂ ਦੂਜੀ ਪਾਰਟੀ ਵਿਚ ਛਾਲ ਕਿਉਂ ਅਤੇ ਕਦੋਂ ਮਾਰਦੇ ਹਨ। ਆਮ ਤੌਰ ‘ਤੇ ਇਹ ਵਰਤਾਰਾ ਵੋਟਾਂ ਦੇ ਬਿਲਕੁਲ ਨਜ਼ਦੀਕ ਜਾ ਕੇ ਵਾਪਰਦਾ ਹੈ ਜਦੋਂ ਕਿ ਇਕ ਪਾਰਟੀ ਚੋਂ ਦੂਜੀ ਪਾਰਟੀ ਵਿਚ ਵੱਡੀ ਪੱਧਰ ‘ਤੇ ਛਾਲਾਂ ਵੱਜਣੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਸਭ ਦੇ ਉਲਟ ਇਸ ਵਾਰ ਇਹ ਵਰਤਾਰਾ ਕੁਝ ਅਗੇਤਾ ਹੀ ਵਾਪਰਨਾ ਸ਼ੁਰੂ ਹੋ ਚੁੱਕਾ ਹੈ। ਗੱਲ ਸੱਜਣ ਸਿੰਘ ਚੀਮਾ ਦੀ ਕਰੀਏ ਤਾਂ ਕਿ ਉਨ੍ਹਾਂ ਨੇ ਮੁੜ ਆਮ ਆਦਮੀ ਪਾਰਟੀ ਵਿੱਚ ਛਾਲ ਕਿਉਂ ਮਾਰੀ ਇਸ ਦੇ ਕਈ ਮੁੱਖ ਕਾਰਨ ਹਨ। ਭਰੋਸੇਯੋਗ ਸੂਤਰਾਂ ਅਤੇ ਸਿਆਸਤ ਤਿੱਖੀ ਨਜ਼ਰ ਰੱਖਣ ਵਾਲੇ ਲੋਕਾਂ ਮੁਤਾਬਿਕ ਸੱਜਣ ਸਿੰਘ ਚੀਮਾ ਜਿਸ ਝਾਕ ਨੂੰ ਲੈ ਕੇ ਅਕਾਲੀ ਦਲ ਵਿਚ ਸ਼ਾਮਿਲ ਹੋਏ ਸਨ, ਉਨ੍ਹਾਂ ਨੂੰ ਉਹ ਝਾਕ ਪੂਰੀ ਹੁੰਦੀ ਨਹੀਂ ਦਿਸ ਰਹੀ । ਸੱਜਣ ਸਿੰਘ ਚੀਮਾ ਜਦੋਂ ਅਕਾਲੀ ਦਲ ਵਿੱਚ ਸ਼ਾਮਲ ਹੋਏ ਸਨ, ਉਸ ਮੌਕੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਾ ਜ਼ੋਰ ਇਸ ਗੱਲ ਉੱਤੇ ਲੱਗਾ ਹੋਇਆ ਸੀ ਕਿ ਪਾਰਟੀ ਦੇ ਵਿਚ ਨੌਜਵਾਨ ਚਿਹਰੇ ਸ਼ਾਮਲ ਕੀਤੇ ਜਾਣ ਅਤੇ ਬਜ਼ੁਰਗ ਹੋ ਚੁੱਕੇ ਆਗੂਆਂ ਨੂੰ ਸਤਿ ਸ੍ਰੀ ਆਕਾਲ ਕਿਹਾ ਜਾਵੇ। ਸੁਖਬੀਰ ਸਿੰਘ ਬਾਦਲ ਦੇ ਇਸ ਰਵੱਈਏ ਨੂੰ ਦੇਖਦੇ ਹੋਏ ਕਈ ਸਿਆਸੀ ਆਗੂ ਜੋ ਕਿ ਬਜ਼ੁਰਗ ਹੋ ਚੁੱਕੇ ਸਨ ਪਾਰਟੀ ਨੂੰ ਅਲਵਿਦਾ ਆਖ ਗਏ ਜਾਂ ਬਗ਼ਾਵਤ ਤੇ ਉਤਰ ਆਏ। ਇਨ੍ਹਾਂ ਆਗੂਆਂ ਵਿੱਚ ਰਣਜੀਤ ਸਿੰਘ ਬ੍ਰਹਮਪੁਰਾ, ਸੇਵਾ ਸਿੰਘ ਸੇਖਵਾਂ, ਢੀਂਡਸਾ ਪਿਉ ਪੁੱਤਰ, ਡਾ. ਰਤਨ ਸਿੰਘ ਅਜਨਾਲਾ ਆਦਿ ਕਈ ਅਕਾਲੀ ਆਗੂ ਸ਼ਾਮਲ ਹਨ। ਉਸ ਸਮੇਂ ਸੱਜਣ ਸਿੰਘ ਚੀਮਾ ਨੂੰ ਇਉਂ ਜਾਪਿਆ ਕਿ ਸੁਲਤਾਨਪੁਰ ਲੋਧੀ ਦੀ ਸੀਟ ‘ਤੇ ਬਜ਼ੁਰਗ ਹੋ ਚੁੱਕੇ ਬੀਬੀ ਡਾ. ਉਪਿੰਦਰਜੀਤ ਕੌਰ ਨੂੰ ਵੀ ਅਕਾਲੀ ਦਲ ਜਲਦੀ ਹੀ ਸਤ ਸ੍ਰੀ ਅਕਾਲ ਕਹਿ ਦੇਵੇਗਾ ਪਰ ਸੱਜਣ ਸਿੰਘ ਚੀਮਾ ਇਹ ਭੁੱਲ ਗਏ ਕਿ ਡਾ. ਉਪਿੰਦਰਜੀਤ ਕੌਰ ਨੇ ਅਕਾਲੀ ਦਲ ਵਿਚ ਰਹਿੰਦਿਆਂ ਸਮਰਪਣ ਭਾਵਨਾ ਰੱਖਦੇ ਹੋਏ ਪੂਰੀ ਤਨਦੇਹੀ ਨਾਲ ਪਾਰਟੀ ਦੀ ਸੇਵਾ ਕੀਤੀ ਹੈ। ਉਨ੍ਹਾਂ ਕਦੇ ਵੀ ਅਕਾਲੀ ਦਲ ਦੇ ਵਿੱਚ ਬਗ਼ਾਵਤੀ ਸੁਰਾਂ ਅਖ਼ਤਿਆਰ ਨਹੀਂ ਕੀਤੀਆਂ ਨਾ ਹੀ ਕੋਈ ਹੁਕਮ ਅਦੂਲੀ ਕੀਤੀ ਹੈ। ..ਸ਼ਾਇਦ ਇਸੇ ਲਈ ਹੀ ਪ੍ਰਕਾਸ਼ ਸਿੰਘ ਬਾਦਲ ਅਤੇ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਉਨ੍ਹਾਂ ਨੂੰ ਕਾਫੀ ਇੱਜ਼ਤ ਮਾਣ ਅਤੇ ਸਨਮਾਨ ਦਿੰਦੇ ਹਨ। ਸੁਲਤਾਨਪੁਰ ਲੋਧੀ ਦੀ ਸੀਟ ਉੱਤੇ ਅਕਾਲੀ ਦਲ ਵੱਲੋਂ ਜੇਕਰ ਡਾ. ਉਪਿੰਦਰਜੀਤ ਕੌਰ ਨੂੰ ਨਾ ਉਤਾਰਿਆ ਗਿਆ ਤਾਂ ਉਨ੍ਹਾਂ ਦੇ ਪੁੱਛੇ ਬਗੈਰ ਕਿਸੇ ਹੋਰ ਉਮੀਦਵਾਰ ਨੂੰ ਉਤਾਰਨਾ ਵੀ ਸੰਭਵ ਨਹੀਂ ਜਾਪਦਾ। ਪਿਛਲੇ ਦਿਨੀਂ ਰਾਣਾ ਗੁਰਜੀਤ ਸਿੰਘ ਦੇ ਅਕਾਲੀ ਦਲ ਵਿਚ ਆਉਣ ਦੀ ਚਰਚਾ ਨੇ ਵੀ ਜ਼ੋਰ ਫੜਿਆ ਸੀ ਕਿਹਾ ਜਾ ਰਿਹਾ ਸੀ ਕਿ ਜੇਕਰ ਰਾਣਾ ਗੁਰਜੀਤ ਸਿੰਘ ਅਕਾਲੀ ਦਲ ਵਿੱਚ ਸ਼ਾਮਲ ਹੁੰਦੇ ਹਨ ਤਾਂ ਉਨ੍ਹਾਂ ਨੂੰ ਕਪੂਰਥਲਾ ਜਾਂ ਸੁਲਤਾਨਪੁਰ ਲੋਧੀ ਤੋਂ ਮੁੱਖ ਉਮੀਦਵਾਰ ਵਜੋਂ ਉਤਾਰਿਆ ਜਾ ਸਕਦਾ ਹੈ। ਖ਼ੈਰ ਇਹ ਸੰਭਾਵਨਾਵਾਂ ਰਾਣਾ ਗੁਰਜੀਤ ਸਿੰਘ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਤੋਂ ਬਾਅਦ ਹੀ ਪੈਦਾ ਹੋ ਸਕਦੀਆਂ ਹਨ। ਇਸੇ ਤਰ੍ਹਾਂ ਕੈਪਟਨ ਹਰਮਿੰਦਰ ਸਿੰਘ ਦੀਆਂ ਵੀ ਕਾਂਗਰਸ ਨੂੰ ਛੱਡ ਕੇ ਅਕਾਲੀ ਦਲ ਵਿੱਚ ਆਉਣ ਦੀਆਂ ਚਰਚਾਵਾਂ ਹਨ। ਕਿਹਾ ਜਾ ਰਿਹਾ ਹੈ ਕਿ ਉਹ ਵੀ ਅਕਾਲੀ ਦਲ ਵਿਚ ਆ ਕੇ ਸੁਲਤਾਨਪੁਰ ਲੋਧੀ ਤੋਂ ਚੋਣਾਂ ਲੜਨ ਦੇ ਇੱਛੁਕ ਹਨ।
ਹੁਣ ਕਿਸਨੂੰ ਮਿਲੇਗਾ ਸੁਲਤਾਨਪੁਰ ਲੋਧੀ ਤੋਂ ਥਾਪੜਾ ?
ਗੱਲ ਸੁਲਤਾਨਪੁਰ ਲੋਧੀ ਦੀ ਸੀਟ ਤੋਂ ਅਕਾਲੀ ਦਲ ਦੇ 2022 ਦੇ ਉਮੀਦਵਾਰ ਦੀ ਕਰੀਏ ਤਾਂ ਇਸ ਸੀਟ ਉਤੋਂ ਵਧੇਰੇ ਸੰਭਾਵਨਾਵਾਂ ਡਾ. ਉਪਿੰਦਰਜੀਤ ਕੌਰ ਦੇ ਚੋਣ ਲੜਨ ਦੀਆਂ ਹੀ ਹਨ ਪਰ ਇਸ ਦੇ ਨਾਲ ਨਾਲ ਜੇਕਰ ਕਿਸੇ ਕਾਰਨ ਉਹ ਖੁਦ ਚੋਣ ਨਹੀਂ ਲੜਦੇ ਤਾਂ ਉਨ੍ਹਾਂ ਦਾ ਦਮਾਦ ਇੰਜੀਨੀਅਰ ਸਵਰਨ ਸਿੰਘ ਨੂੰ ਟਿਕਟ ਦਿੱਤੇ ਜਾਣ ਦੀ ਵੀ ਪੂਰੀ-ਪੂਰੀ ਸੰਭਾਵਨਾ ਹੈ। ਇੰਜੀਨੀਅਰ ਸਵਰਨ ਸਿੰਘ ਹਲਕਾ ਸੁਲਤਾਨਪੁਰ ਲੋਧੀ ਦੇ ਲੋਕਾਂ ਵਿੱਚ ਕਾਫ਼ੀ ਪ੍ਰਵਾਨਿਤ ਹਨ। ਉਨ੍ਹਾਂ ਨੇ ਹਮੇਸ਼ਾ ਹੀ ਹਲਕੇ ਦੇ ਲੋਕਾਂ ਅਤੇ ਲੋਕ ਮੁੱਦਿਆਂ ਦੀ ਗੱਲ ਕੀਤੀ ਹੈ। ਮਾਮਲਾ ਕਿਸਾਨਾਂ ਨਾਲ ਹੋ ਰਹੇ ਧੱਕੇ ਦਾ ਜਾਂ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦਾ ਹੋਵੇ ਉਨ੍ਹਾਂ ਨੇ ਹਮੇਸ਼ਾ ਹਲਕੇ ਦੇ ਲੋਕਾਂ ਲਈ ਆਵਾਜ਼ ਬੁਲੰਦ ਕੀਤੀ ਹੈ। ਇਸੇ ਤਰ੍ਹਾਂ ਪਵਿੱਤਰ ਕਾਲੀ ਵੇਈਂ ਵਿੱਚ ਮੱਛੀਆਂ ਦੇ ਮਾਰੇ ਜਾਣ ਦੇ ਮਾਮਲੇ ਨੂੰ ਇੰਜੀਨੀਅਰ ਸਵਰਨ ਸਿੰਘ ਨੇ ਜ਼ੋਰਸ਼ੋਰ ਨਾਲ ਉਠਾਇਆ ਸੀ। ਇਸੇ ਤਰ੍ਹਾਂ ਇੰਜੀਨੀਅਰ ਸਵਰਨ ਸਿੰਘ ਨੇ ਪੀਸੀਏ ਦੇ ਮੈਂਬਰ ਵਜੋਂ ਵੀ ਅਕਾਲੀ ਦਲ ਲਈ ਚੰਗੀਆਂ ਸੇਵਾਵਾਂ ਨਿਭਾਈਆਂ ਹਨ ਇਸ ਸਭ ਦੇ ਮੱਦੇਨਜ਼ਰ ਉਨ੍ਹਾਂ ਨੂੰ ਟਿਕਟ ਦਿੱਤੇ ਜਾਣ ਦੀ ਵੀ ਪੂਰੀ ਪੂਰੀ ਸੰਭਾਵਨਾ ਹੈ।
ਟੀਵੀ ਪੰਜਾਬ ਬਿਊਰੋ।