Site icon TV Punjab | English News Channel

ਸੰਯਕੁਤ ਕਿਸਾਨ ਮੋਰਚੇ ਵੱਲੋਂ ਬਰਨਾਲਾ ਦੇ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ 309 ਵੇਂ ਦਿਨ ‘ਚ ਦਾਖ਼ਲ

ਬਰਨਾਲਾ : ਕਿਸਾਨਾਂ ਦੀਆਂ 32 ਜਥੇਬੰਦੀਆਂ ‘ਤੇ ਅਧਾਰਿਤ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮਐਸਪੀ ਦੀ ਗਾਰੰਟੀ ਦੇਣ ਵਾਲਾ ਨਵਾਂ ਕਾਨੂੰਨ ਬਣਵਾਉਣ ਲਈ ਜਿਥੇ ਦਿੱਲੀ ਦੇ ਬਾਰਡਰਾਂ ‘ਤੇ ਧਰਨਾ ਜਾਰੀ ਹੈ ਉਥੇ ਬਰਨਾਲਾ ਦੇ ਰੇਲਵੇ ਸਟੇਸ਼ਨ ‘ਤੇ ਲਾਇਆ ਧਰਨਾ ਵੀ ਅੱਜ 309 ਵੇਂ ਦਿਨ ਪੂਰੇ ਜੋਸ਼ ਤੇ ਉਤਸ਼ਾਹ ਨਾਲ ਜਾਰੀ ਰਿਹਾ।

ਅੱਜ ਧਰਨੇ ‘ਚ ਸੰਯੁਕਤ ਕਿਸਾਨ ਮੋਰਚੇ ਦੇ ਤਾਜਾ ਸੱਦਿਆਂ ਬਾਰੇ ਚਰਚਾ ਕੀਤੀ ਗਈ। ਮੋਰਚੇ ਦਾ ਸੱਦਾ ਹੈ ਕਿ ਕਿਸਾਨ ਦੇਸ਼ ਭਰ ‘ਚ 15 ਅਗਸਤ ਦਾ ਦਿਨ ‘ਕਿਸਾਨ-ਮਜ਼ਦੂਰ ਆਜ਼ਾਦੀ ਦਿਵਸ’ ਵਜੋਂ ਮਨਾਉਣਗੇ। ਉਸ ਦਿਨ ਦੇਸ਼ ਭਰ ‘ਚ ਅੰਦੋਲਨਕਾਰੀ ਆਪਣੇ ਵਾਹਨਾਂ ‘ਤੇ ਤਿਰੰਗਾ ਝੰਡਾ ਲਾ ਕੇ ਜਿਲ੍ਹਾ ਜਾਂ ਤਹਿਸੀਲ ਹੈਡਕੁਆਰਟਰਾਂ ਤੱਕ ਮਾਰਚ ਕਰਨਗੇ।

ਤਿਰੰਗਾ ਲਹਿਰਾਏ ਜਾਣ ਵਾਲੇ ਕਿਸੇ  ਅਧਿਕਾਰਤ ਸਰਕਾਰੀ ਸਮਾਗਮ ਦਾ ਜਾਂ ਤਿਰੰਗਾ ਵਾਲੇ ਕਿਸੇ ਮਾਰਚ ਦਾ ਵਿਰੋਧ ਨਹੀਂ ਕੀਤਾ ਜਾਵੇਗਾ। ਬੀਜੇਪੀ ਨੇਤਾਵਾਂ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੀਆਂ ਦੂਸਰੀਆਂ ਸਾਰੀਆਂ ਰਾਜਨੀਤਕ  ਤੇ ਸਰਕਾਰੀ ਸਰਗਰਮੀਆਂ ਦਾ ਵਿਰੋਧ ਅਤੇ ਇਨ੍ਹਾਂ ਨੇਤਾਵਾਂ ਦੇ ਘਿਰਾਉ ਦਾ ਪ੍ਰੋਗਰਾਮ ਪਹਿਲਾਂ ਦੀ ਤਰ੍ਹਾਂ ਉਸ ਦਿਨ ਵੀ ਜਾਰੀ ਰਹੇਗਾ।

ਇਸ ਤੋਂ ਪਹਿਲਾਂ 10 ਅਗਸਤ ਨੂੰ ਤੀਜ ਦਾ ਤਿਉਹਾਰ ਹੈ। ਇਹ ਤਿਉਹਾਰ ਸਮਾਜਿਕ ਸਦਭਾਵਨਾ ਦੀ ਭਾਵਨਾ ਨੂੰ  ਬਲ ਬਖਸ਼ਦਾ ਹੈ। ਕਿਸਾਨ ਧਰਨਿਆਂ ਵਾਲੀਆਂ ਥਾਵਾਂ ‘ਤੇ  ਉਸ ਦਿਨ ਤੀਆਂ ਮਨਾ ਕੇ ਇਸ ਭਾਵਨਾ ਨੂੰ ਹੋਰ ਪਰਪੱਕ ਕਰਦੇ ਹੋਏ ਅੰਦੋਲਨ ਨੂੰ ਵਧੇਰੇ ਮਜ਼ਬੂਤ ਕਰਨ ਦਾ ਅਹਿਦ ਲਿਆ ਜਾਵੇਗਾ। ਅੱਜ ਧਰਨੇ ਨੂੰ ਨਛੱਤਰ ਸਿੰਘ ਸਹੌਰ, ਗੁਰਨਾਮ ਸਿੰਘ ਠੀਕਰੀਵਾਲਾ, ਉਜਾਗਰ ਸਿੰਘ ਬੀਹਲਾ, ਬਿੱਕਰ ਸਿੰਘ ਔਲਖ ਨੇ ਸੰਬੋਧਨ ਕੀਤਾ।

ਬੁਲਾਰਿਆਂ ਨੇ ਕਿਹਾ ਕਿ ਕਿਸਾਨ ਸੰਸਦ ਵਿਚ ਹੋ ਰਹੀ ਉਚ-ਮਿਆਰੀ ਬਹਿਸ ਨੇ ਖੇਤੀ ਕਾਨੂੰਨਾਂ ਦੇ ਲੋਕ-ਵਿਰੋਧੀ ਖਾਸੇ ਨੂੰ ਹੋਰ ਉਜਾਗਰ ਕੀਤਾ ਹੈ। ਪਰਾਲੀ ਸਾੜਨ ਵਾਲੇ ਬਿੱਲ ਬਾਰੇ ਹੋਈ ਬਹਿਸ ਨੇ ਸਪੱਸ਼ਟ ਕਰ ਦਿੱਤਾ ਕਿ ਹਵਾ ਦੇ ਪ੍ਰਦੂਸ਼ਣ ਲਈ ਕਿਸਾਨਾਂ ਨੂੰ ਖਾਹ-ਮਖਾਹ ਬਦਨਾਮ ਕੀਤਾ ਜਾ ਰਿਹਾ ਹੈ। ਸਨਅਤੀ ਇਕਾਈਆਂ ਤੇ ਵਾਹਨਾਂ ਦੇ ਪ੍ਰਦੂਸ਼ਣ ਨੂੰ ਨਜਰਅੰਦਾਜ਼ ਕੀਤਾ ਜਾ ਰਿਹਾ ਹੈ।

ਕੱਲ੍ਹ  ਸ਼ੁਕਰਵਾਰ ਨੂੰ ਕਿਸਾਨ ਸੰਸਦ ਵਿਚ ਸਰਕਾਰ ਵਿਰੁੱਧ ਬੇਭਰੋਸਗੀ ਮਤਾ ਪਾਸ ਕੀਤਾ ਜਾਵੇਗਾ। ਅੱਜ ਬੁਲਾਰਿਆਂ ਨੇ  ਮੱਧ ਪ੍ਰਦੇਸ਼ ਪੁਲਿਸ ਦੁਆਰਾ ਉਘੀ ਜਮਹੂਰੀ ਕਾਰਕੁੰਨ ਮੇਧਾ ਪਾਟੇਕਰ ਤੇ 700 ਹੋਰ ਕਾਰਕੁੰਨਾਂ ਨਾਲ ਵਹਿਸ਼ੀ ਵਿਹਾਰ ਅਤੇ ਗ੍ਰਿਫਤਾਰ ਕਰਨ ਦੀ  ਸਖਤ ਨਿਖੇਧੀ ਕੀਤੀ। ਨਰਿੰਦਰ ਪਾਲ ਸਿੰਗਲਾ ਨੇ ਇਨਕਲਾਬੀ ਕਵਿਤਾ ਸੁਣਾ ਕੇ ਪੰਡਾਲ ‘ਚ ਜੋਸ਼ ਭਰਿਆ।

ਟੀਵੀ ਪੰਜਾਬ ਬਿਊਰੋ