ਬਰਨਾਲਾ : ਮਹਿਲ ਕਲਾਂ ਚ ਸੰਯੁਕਤ ਕਿਸਾਨ ਮੋਰਚੇ ਵੱਲੋਂ ਸ਼ਹੀਦ ਕਿਰਨਜੀਤ ਕੌਰ ਦੀ ਬਰਸੀ ਮਨਾਈ ਗਈ। ਅੱਜ ਤੋਂ 23 ਸਾਲ ਪਹਿਲਾਂ ਗੁੰਡਿਆਂ ਦਾ ਮੁਕਾਬਲਾ ਕਰਦੀ ਮਹਿਲ ਕਲਾਂ ਦੀ ਇਕ ਬੱਚੀ ਕਿਰਨਜੀਤ ਕੌਰ ਸ਼ਹੀਦ ਹੋ ਗਈ ਸੀ। ਇਸ ਬਰਸੀ ਸਮਾਗਮ ਵਿਚ ਸੰਯੁਕਤ ਕਿਸਾਨ ਮੋਰਚੇ ਦੇ ਮੁੱਖ ਆਗੂ ਬਲਬੀਰ ਸਿੰਘ ਰਾਜੇਵਾਲ, ਰੁਲਦੂ ਸਿੰਘ ਮਾਨਸਾ, ਰਾਜਿੰਦਰ ਸਿੰਘ ਦੀਪ ਸਿੰਘ ਵਾਲਾ, ਸੋਨੀਆ ਮਾਨ, ਡਾ. ਸਵੈਮਾਨ ਵਿਸ਼ੇਸ ਤੌਰ ‘ਤੇ ਪਹੁੰਚੇ।
ਇਸ ਮੌਕੇ ਸਮੁੱਚੇ ਆਗੂਆਂ ਵੱਲੋਂ ਸ਼ਹੀਦ ਕਿਰਨਜੀਤ ਕੌਰ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਗਈ ਤੇ ਐਲਾਨ ਕੀਤਾ ਗਿਆ ਕਿ ਜਿੰਨਾ ਚਿਰ ਕਾਲੇ ਕਾਨੂੰਨ ਰੱਦ ਨਹੀਂ ਹੁੰਦੇ ਸੰਘਰਸ਼ ਲਗਾਤਾਰ ਜਾਰੀ ਰਹੇਗਾ, ਚਾਹੇ ਲੜਾਈ 2024 ਤੱਕ ਲੜਨੀ ਪਵੇ। ਇਸ ਮੌਕੇ ਕਿਸਾਨ ਆਗੂਆਂ ਨੇ ਦੱਸਿਆ ਕਿ ਚਾਰ ਰਾਜਾਂ ਦੀਆਂ ਆ ਰਹੀਆਂ ਚੋਣਾਂ ਨੂੰ ਲੈ ਕੇ ਲੈ ਕੇ ਸੰਯੁਕਤ ਮੋਰਚੇ ਵੱਲੋਂ ਰਣਨੀਤੀ ਬਣਾ ਲਈ ਗਈ ਹੈ। ਇਨ੍ਹਾਂ ਚੋਣਾਂ ਵਿਚ ਬੀਜੇਪੀ ਦੇ ਬਾਈਕਾਟ ਲਈ ਜਾਂ ਬੀਜੇਪੀ ਨੂੰ ਵੋਟ ਨਾ ਦੇਣ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇਗਾ।
ਇਸ ਮੌਕੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਸੰਯੁਕਤ ਕਿਸਾਨ ਮੋਰਚੇ ਵੱਲੋਂ ਇਹ ਫ਼ੈਸਲਾ ਕੀਤਾ ਗਿਆ ਹੈ ਕਿ ਆਜ਼ਾਦੀ ਦਿਹਾੜੇ ‘ਤੇ ਟਰੈਕਟਰ ਤੇ ਇਕ ਤਿਰੰਗਾ ਝੰਡਾ ਤੇ ਆਪਣੀ ਆਪਣੀ ਜਥੇਬੰਦੀ ਦੇ ਝੰਡੇ ਲਾ ਕੇ ਮਾਰਚ ਕੀਤੇ ਜਾਣਗੇ ਤੇ ਆਜ਼ਾਦੀ ਦਾ ਦਿਹਾੜਾ ਮਨਾਇਆ ਜਾਵੇਗਾ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਕਿਸਾਨਾਂ ਵੱਲੋਂ ਚਲਾਈ ਗਈ ਸਾਂਸਦ ਸਫ਼ਲ ਰਹੀ ਹੈ ਅਤੇ ਖੇਤੀਬਾੜੀ ਮੰਤਰੀ ਨੂੰ ਆਪਣੇ ਹਲਕੇ ਦੇ ਲੋਕਾਂ ਦੇ ਵਿਰੋਧ ਦਾ ਵੀ ਸਾਹਮਣਾ ਕਰਨਾ ਪਿਆ ਹੈ ਜਿਸ ਤੋਂ ਇਹ ਗੱਲ ਸਪੱਸ਼ਟ ਹੈ ਕਿ ਦੇਸ਼ ਦੇ ਲੋਕ ਖੇਤੀ ਕਾਨੂੰਨ ਰੱਦ ਕਰਵਾਉਣ ਲਈ ਜਾਗਰੂਕ ਵੀ ਹੋ ਚੁੱਕੇ ਹਨ।
ਗੁਰਨਾਮ ਸਿੰਘ ਚੜੂਨੀ ਵੱਲੋਂ ਮਿਸ਼ਨ ਪੰਜਾਬ 2022 ਨੂੰ ਲੈ ਕੇ ਕਿਸਾਨ ਆਗੂਆਂ ਨੇ ਕਿਹਾ ਕਿ ਇਹ ਕਿਸੇ ਵਿਅਕਤੀ ਵਿਸ਼ੇਸ਼ ਦਾ ਆਪਣਾ ਫ਼ੈਸਲਾ ਹੈ ਸੰਯੁਕਤ ਮੋਰਚਾ ਚੋਣਾਂ ਲੜਨ ਦੇ ਪੱਖ ਵਿਚ ਨਾ ਤਾਂ ਪਹਿਲਾਂ ਸੀ ਅਤੇ ਨਾ ਬਾਅਦ ਵਿਚ ਹੋਵੇਗਾ। ਬਲਬੀਰ ਸਿੰਘ ਰਾਜੇਵਾਲ ਨੇ ਆਪਣੇ ਮੁੱਖ ਮੰਤਰੀ ਦੇ ਲੱਗੇ ਹੋਏ ਪੋਸਟਰਾਂ ‘ਤੇ ਸਪੱਸ਼ਟ ਕੀਤਾ ਹੈ ਕਿ ਇਹ ਬੀਜੇਪੀ ਦੇ ਆਈਟੀ ਸੈੱਲ ਦੀ ਚਾਲ ਹੈ ਅਤੇ ਅੰਦੋਲਨ ਨੂੰ ਬਦਨਾਮ ਕਰਨ ਦੀ ਸਾਜ਼ਿਸ਼ ਹੋ ਰਹੀ ਹੈ ਉਨ੍ਹਾਂ ਕਿਹਾ ਕਿ ਉਹ ਚੋਣਾਂ ਲੜਨ ਦੇ ਪੱਖ ਵਿਚ ਨਹੀਂ ਹਨ ਪਰ ਆਪਣੀ ਜਥੇਬੰਦੀ ਵੱਲੋਂ ਕਿਸੇ ਵੀ ਪਾਰਟੀ ਦੀ ਸਪੋਰਟ ਕਰ ਸਕਦੇ ਹਨ ਜੋ ਪਹਿਲਾਂ ਵੀ ਕਰਦੇ ਆ ਰਹੇ ਹਨ।
ਇਸ ਮੌਕੇ ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਪਚੱਤਰ ਸਾਲਾ ਦੀ ਆਜ਼ਾਦੀ ਵਿਚ ਲੋਕਾਂ ਨੂੰ ਅਸਲੀ ਅਜ਼ਾਦੀ ਨਹੀਂ ਮਿਲੀ ਇਸ ਲਈ ਲਗਾਤਾਰ ਜੋ ਸੰਘਰਸ਼ ਚੱਲ ਰਿਹਾ ਹੈ ਅਤੇ ਆਪਣੀਆਂ ਹੱਕੀ ਮੰਗਾਂ ਮਨਵਾਉਣ ਨੂੰ ਲੈ ਕੇ ਇਹ ਸੰਘਰਸ਼ ਅੱਗੇ ਵੀ ਜਾਰੀ ਰਹੇਗਾ। ਇਸ ਮੌਕੇ ਵੱਡੀ ਗਿਣਤੀ ਵਿਚ ਕਿਸਾਨਾਂ ਅਤੇ ਕਿਸਾਨ ਮਹਿਲਾਵਾਂ ਨੇ ਇਸ ਸਮਾਗਮ ਵਿਚ ਭਾਗ ਲਿਆ।
ਕਮਲਜੀਤ ਸੰਧੂ