ਮੁੰਬਈ : ਮੁੰਬਈ ਪੁਲਿਸ ਨੂੰ ਬੰਬ ਲਗਾਏ ਜਾਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਮੁੰਬਈ ਦੇ ਤਿੰਨ ਵੱਡੇ ਰੇਲਵੇ ਸਟੇਸ਼ਨਾਂ ਅਤੇ ਅਭਿਨੇਤਾ ਅਮਿਤਾਭ ਬਚਨ ਦੇ ਬੰਗਲੇ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਪੁਲਿਸ ਨੂੰ ਇਨ੍ਹਾਂ ਥਾਵਾਂ ‘ਤੇ ਬੰਬ ਲਗਾਏ ਜਾਣ ਬਾਰੇ ਕਾਲ ਆਈ ਸੀ, ਜਿਸ ਤੋਂ ਬਾਅਦ ਇਥੇ ਸੁਰੱਖਿਆ ਵਧਾ ਦਿੱਤੀ ਗਈ ਹੈ।
ਹਾਲਾਂਕਿ, ਹੁਣ ਤੱਕ ਦੀ ਜਾਂਚ ਦੌਰਾਨ ਕੁਝ ਵੀ ਸ਼ੱਕੀ ਨਹੀਂ ਮਿਲਿਆ ਹੈ। ਇਕ ਅਧਿਕਾਰੀ ਨੇ ਦੱਸਿਆ ਕਿ ਮੁੰਬਈ ਪੁਲਿਸ ਦੇ ਮੁੱਖ ਕੰਟਰੋਲ ਰੂਮ ਨੂੰ ਸ਼ੁੱਕਰਵਾਰ ਰਾਤ ਨੂੰ ਇਕ ਕਾਲ ਆਈ ਸੀ ਜਿਸ ਵਿਚ ਕਾਲ ਕਰਨ ਵਾਲੇ ਨੇ ਕਿਹਾ ਕਿ ਛਤਰਪਤੀ ਸ਼ਿਵਾਜੀ ਮਹਾਰਾਜ ਟਰਮੀਨਲ (ਸੀਐਸਐਮਟੀ), ਬਾਈਕੁੱਲਾ, ਦਾਦਰ ਰੇਲਵੇ ਸਟੇਸ਼ਨ ਅਤੇ ਅਭਿਨੇਤਾ ਅਮਿਤਾਭ ਬਚਨ ਦੇ ਜੁਹੂ ਵਿਚਲੇ ਬੰਗਲੇ ਵਿਚ ਬੰਬ ਲਗਾਏ ਗਏ ਸਨ।
ਪੁਲਿਸ ਅਧਿਕਾਰੀ ਨੇ ਦੱਸਿਆ ਕਿ ਕਾਲ ਮਿਲਣ ਤੋਂ ਬਾਅਦ, ਗੌਰਮਿੰਟ ਰੇਲਵੇ ਪੁਲਿਸ, ਰੇਲਵੇ ਸੁਰੱਖਿਆ ਬਲ ਦੇ ਨਾਲ -ਨਾਲ ਬੰਬ ਨਿਰੋਧਕ ਦਸਤੇ, ਕੁੱਤਿਆ ਦੇ ਦਸਤੇ ਅਤੇ ਸਥਾਨਕ ਪੁਲਿਸ ਕਰਮਚਾਰੀ ਇਨ੍ਹਾਂ ਸਥਾਨਾਂ ‘ਤੇ ਪਹੁੰਚੇ ਅਤੇ ਤਲਾਸ਼ੀ ਮੁਹਿੰਮ ਚਲਾਈ,ਪਰ ਕੁੱਝ ਵੀ ਸ਼ੱਕੀ ਨਹੀਂ ਮਿਲਿਆ ਪਰ ਫਿਰ ਵੀ ਉਥੇ ਵੱਡੀ ਗਿਣਤੀ ਵਿਚ ਪੁਲਿਸ ਦੇ ਜਵਾਨ ਤਾਇਨਾਤ ਕੀਤੇ ਗਏ ਹਨ।
ਟੀਵੀ ਪੰਜਾਬ ਬਿਊਰੋ