ਅੰਮ੍ਰਿਤਸਰ- ਦਿੱਲੀ ਅਤੇ ਅੰਮ੍ਰਿਤਸਰ ਏਅਰਪੋਰਟ ’ਤੇ ਅੱਜ ਕੱਲ੍ਹ ਠੱਗਾਂ ਨੇ ਵਿਦੇਸ਼ਾਂ ਤੋਂ ਆਉਣ ਵਾਲੇ ਯਾਤਰੀਆਂ ਨੂੰ ਠੱਗਣ ਲਈ ਅਜਬ-ਗਜਬ ਤਰੀਕੇ ਅਪਨਾਉਣੇ ਸ਼ੁਰੂ ਕਰ ਦਿੱਤੇ ਹਨ। ਇਨ੍ਹਾਂ ਠੱਗਾਂ ਵਿੱਚ ਕਈ ਔਰਤਾਂ ਵੀ ਸ਼ਾਮਲ ਹਨ ਜੋ ਨਕਲੀ ਕਸਟਮ ਅਫ਼ਸਰ ਬਣ ਕੇ ਵਿਦੇਸ਼ਾਂ ਤੋਂ ਆਉਣ ਵਾਲੇ ਮੁਸਾਫਰਾਂ ਨੂੰ ਠੱਗਣ ਦੇ ਯਤਨ ਕਰ ਰਹੀਆਂ ਹਨ। ਅਜਿਹੀ ਹੀ ਇੱਕ ਠੱਗੀ ਦਾ ਮਾਮਲਾ ਅੰਮ੍ਰਿਤਸਰ ਦੇ ਰਹਿਣ ਵਾਲੇ ਇਕ ਯਾਤਰੀ ਦੇ ਪੇਸ਼ ਆਇਆ।ਗਨੀਮਤ ਇਹ ਰਹੀ ਕਿ ਉਹ ਇਸ ਠੱਗੀ ਤੋਂ ਬੜੀ ਸਾਵਧਾਨੀ ਅਤੇ ਚੰਗੀ ਕਿਸਮਤ ਨਾਲ ਬਚ ਗਿਆ।
ਪ੍ਰਦੇਸ਼ ਤੋਂ ਆਏ ਯਾਤਰੀ ਰਮੇਸ਼ ਕੁਮਾਰ ਨੂੰ ਇਸ ਠੱਗ ਔਰਤ ਨੇ ਨਕਲੀ ਕਸਟਮ ਅਫਸਰ ਬਣ ਫੋਨ ਕੀਤਾ ਅਤੇ ਕਿਹਾ ਕਿ ਉਸ ਦਾ ਇਕ ਪਾਰਸਲ ਆਇਆ ਹੈ ਜਿਸ ਨੂੰ ਛੁਡਵਾਉਣ ਲਈ ਉਸਨੂੰ ਇਕ ਲੱਖ ਰੁਪਿਆ ਆਨਲਾਇਨ ਜਮਾਂ ਕਰਵਾਉਣਾ ਪਵੇਗਾ । ਇਸ ਨਕਲੀ ਕਸਟਮ ਅਫਸਰ ਨੇ ਵਟਸਐਪ ’ਤੇ ਯਾਤਰੀ ਨੂੰ ਆਪਣਾ ਸ਼ਨਾਖਤੀ ਕਾਰਡ, ਫੋਨ ਨੰਬਰ ਅਤੇ ਆਨਲਾਇਨ ਬੈਂਕ ਦਾ ਪਤਾ ਵੀ ਭੇਜ ਦਿੱਤਾ ।
ਇਸ ਠੱਗ ਔਰਤ ਨੇ ਕਿਹਾ ਕਿ ਪਾਰਸਲ ’ਚ 35 ਲੱਖ ਰੁਪਏ ਦੀ ਕੀਮਤ ਦੇ ਡਾਲਰ ਹਨ ਜਿਨ੍ਹਾਂ ਨੂੰ ਇਕ ਲੱਖ ਰੁਪਿਆ ਆਨਲਾਇਨ ਫੀਸ ਭਰਕੇ ਹੀ ਛੁਡਾਇਆ ਜਾ ਸਕਦਾ ਹੈ। ਇਸ ਸਬੰਧ ’ਚ ਜਦੋਂ ਯਾਤਰੀ ਨੇ ਅੰਮ੍ਰਿਤਸਰ ਏਅਰਪੋਰਟ ’ਤੇ ਤੈਨਾਤ ਕਸਟਮ ਅਧਿਕਾਰੀਆਂ ਨਾਲ ਸੰਪਰਕ ਕੀਤਾ ਅਤੇ ਸਾਰਾ ਕਿੱਸਾ ਸੁਣਾਇਆ ਤਾਂ ਕਸਟਮ ਵਿਭਾਗ ਨੇ ਸਪੱਸ਼ਟ ਕੀਤਾ ਕਿ ਇਸ ਤਰ੍ਹਾਂ ਦਾ ਕੰਮ ਕਸਟਮ ਵਿਭਾਗ ਨਹੀਂ ਕਰਦਾ ਹੈ। ਫਿਲਹਾਲ ਦਿੱਲੀ ਏਅਰਪੋਰਟ ’ਤੇ ਕਸਟਮ ਵਿਭਾਗ ਵੱਲੋਂ ਨਕਲੀ ਕਸਟਮ ਅਫਸਰ ਅਤੇ ਉਸਦੇ ਗਿਰੋਹ ਦੀ ਭਾਲ ਕੀਤੀ ਜਾ ਰਹੀ ਹੈ ।
ਇਸ ਮਾਮਲੇ ਦਾ ਹੈਰਾਨੀਜਨਕ ਪਹਿਲੂ ਇਹ ਵੀ ਹੈ ਕਿ ਇਸ ਕਿ ਨਕਲੀ ਕਸਟਮ ਅਫਸਰ ਨੂੰ ਯਾਤਰੀ ਦਾ ਫੋਨ ਨੰਬਰ ਅਤੇ ਪਤਾ ਕਿੱਥੋਂ ਮਿਲਿਆ ਜਦਕਿ ਇਹ ਯਾਤਰੀ ਅਜੇ ਕੁਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਵਾਪਸ ਪਰਤਿਆ ਸੀ ਅਤੇ ਦਿੱਲੀ ਏਅਰਪੋਰਟ ਤੋਂ ਅੰਮ੍ਰਿਤਸਰ ਆਇਆ ਸੀ ।
ਟੀਵੀ ਪੰਜਾਬ ਬਿਊਰੋ