ਪਟਿਆਲਾ : ਸਾਰਥਕ ਰੰਗਮੰਚ ਪਟਿਆਲਾ ਵੱਲੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਪ੍ਰੋ. ਅਜਮੇਰ ਸਿੰਘ ਔਲਖ ਦਾ ਲਿਖਿਆ ਨਾਟਕ ਸਿੱਧਾ ਰਾਹ ਵਿੰਗਾ ਬੰਦਾ ਪੇਸ਼ ਕੀਤਾ ਗਿਆ। ਜਿਸਦਾ ਨਿਰਦੇਸ਼ਨ ਉੱਘੇ ਰੰਗਕਰਮੀ ਡਾ. ਲੱਖਾ ਲਹਿਰੀ ਨੇ ਕੀਤਾ। ਨਾਟਕ ਰਾਜਨੀਤੀ ਦੇ ਮੌਜੂਦਾ ਹਾਲਤ ‘ਤੇ ਕਰਾਰੀ ਚੋਟ ਕਰਦਾ ਹੈ। ਕਿਵੇਂ ਲੋਕਤੰਤਰ ਦੇ ਚਾਰ ਥੰਮ ਨਿਆਂਪਾਲਿਕਾ, ਵਿਧਾਨ ਪਾਲਿਕਾ, ਕਾਰਜਪਾਲਕਾ ਤੇ ਮੀਡੀਆ ਮੌਜੂਦਾ ਦੌਰ ਵਿਚ ਦੇਸ਼ ਨੂੰ ਢਾਅ ਲਾ ਰਹੇ ਹਨ।
ਇਸ ਨਾਟਕ ਨੂੰ ਵੱਖਰੀ ਸ਼ੈਲੀ ਵਿਚ ਪੇਸ਼ ਕਰਕੇ ਨਾਟਕ ਨੂੰ ਦਿਲਚਸਪ ਤੇ ਵਧੇਰੇ ਅਰਥ ਭਰਪੂਰ ਬਣਾਇਆ ਗਿਆ। ਹਰ ਗੱਲ ਸੰਕੇਤਕ ਰੂਪ ਵਿਚ ਪਰ ਸਪੱਸ਼ਟ ਕਹੀ ਗਈ ਹੈ। ਇਹ ਨਾਟਕ ਕਿਸਾਨੀ ਸੰਘਰਸ਼ ਨੂੰ ਸਮਰਪਿਤ ਕੀਤਾ ਗਿਆ ਤੇ ਇਸ ਵਿਚ ਕਿਸਾਨੀ ਦੀ ਗੱਲ ਵੀ ਕੀਤੀ ਗਈ। ਇਹ ਨਾਟਕ ਕਿਸਾਨੀ ਸੰਘਰਸ਼ ‘ਤੇ ਪੂਰੀ ਤਰਾਂ ਢੁਕਦਾ ਹੈ। ਕਿਵੇਂ ਕਾਰਪੋਰੇਟ ਘਰਾਣੇ ਹਰ ਵਪਾਰ ‘ਤੇ ਕਾਬਜ਼ ਹੋ ਕੇ ਲੋਕਾਂ ਨੂੰ ਆਪਣਾ ਗੁਲਾਮ ਬਣਾਉਣ ਦੀਆਂ ਕੋਝੀਆਂ ਚਾਲਾਂ ਚਲਦੇ ਹਨ।
ਕਲਾਕਾਰਾਂ ਵਿਚ ਡਾਲੀ ਦਲਜੀਤ, ਹਰਮੀਤ ਭੁੱਲਰ, ਫਤਹਿ ਸੋਹੀ, ਤੁਸ਼ਾਰ ਮੁੰਧ, ਦਮਨਪ੍ਰੀਤ, ਗੋਲੂ ਭੱਟਮਾਜਰਾ ਨੇ ਆਪੋ-ਆਪਣੀਆਂ ਭੂਮਿਕਾਵਾਂ ਪ੍ਰਭਾਵਸ਼ਾਲੀ ਤਰੀਕੇ ਨਾਲ ਪੇਸ਼ ਕੀਤੀਆਂ। ਪਿੱਠ ਵਰਤੀ ਸੰਗੀਤ ਇਸ ਨਾਟਕ ਦੀ ਜਿੰਦ ਜਾਨ ਹੈ, ਜੋ ਨਾਟਕ ਦੇ ਭਾਵ ਨੂੰ ਸਪਸ਼ਟ ਕਰਨ ਵਿਚ ਕਾਰਗਰ ਹੁੰਦਾ ਹੈ। ਸੰਗੀਤ ਦੀ ਭੂਮਿਕਾ ਲਵਪ੍ਰੀਤ ਪੰਨੂ ਨੇ ਨਿਭਾਈ।
ਇਸ ਨਾਟਕ ਵਿਚ ਮੁੱਖ ਭੂਮਿਕਾ ਨਿਭਾ ਰਹੇ ਪੰਜਾਬੀ ਅਤੇ ਹਿੰਦੀ ਫਿਲਮਾਂ ਦੇ ਕਲਾਕਾਰ ਡਾਲੀ ਦਲਜੀਤ ਅੱਜ ਯੂਨੀਵਰਸਿਟੀ ਦੇ ਥੀਏਟਰ ਅਤੇ ਟੈਲੀਵਿਜ਼ਨ ਵਿਭਾਗ ਵਿਚੋਂ ਸੇਵਾਮੁਕਤ ਹੋ ਰਹੇ ਹਨ। ਉਹਨਾਂ ਨੇ ਅੱਜ ਦੇ ਦਿਨ ਇਹ ਨਾਟਕ ਕਰਕੇ ਇਹ ਸੰਦੇਸ਼ ਦਿੱਤਾ ਹੈ ਕਿ ਕਲਾਕਾਰ ਕਦੇ ਰਿਟਾਇਰ ਨਹੀਂ ਹੁੰਦਾ, ਹਮੇਸ਼ਾ ਹੀ ਕਲਾ ਨੂੰ ਸਮਰਪਿਤ ਰਹਿੰਦਾ ਹੈ। ਹੁਣ ਵਧੇਰੇ ਉਤਸ਼ਾਹ, ਲਗਨ ਅਤੇ ਜਿੰਮੇਵਾਰੀ ਨਾਲ ਕਲਾ ਦੀ ਸੇਵਾ ਕਰਦਾ ਰਹਾਂਗਾ।
ਟੀਵੀ ਪੰਜਾਬ ਬਿਊਰੋ