ਟੀਵੀ ਪੰਜਾਬ ਬਿਊਰੋ- ਕਾਂਗਰਸ ਵਿਚ ਸ਼ਾਮਲ ਹੋਣ ਤੋਂ ਬਾਅਦ ਹਲਕਾ ਭੁਲੱਥ ਤੋਂ ਵਿਧਾਇਕ ਸੁਖਪਾਲ ਸਿੰਘ ਖਹਿਰਾ, ਵਿਧਾਇਕ ਪਿਰਮਲ ਸਿੰਘ ਤੇ ਜਗਦੇਵ ਸਿੰਘ ਕਮਾਲੂ ਨੇ ਅੱਜ ਰਾਹੁਲ ਗਾਂਧੀ ਨਾਲ ਦਿੱਲੀ ‘ਚ ਮੁਲਾਕਾਤ ਕੀਤੀ ਹੈ। ਇਸ ਮੌਕੇ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਵੀ ਮੌਕੇ ‘ਤੇ ਮੌਜੂਦ ਸਨ।
ਸੁਖਪਾਲ ਖਹਿਰਾ ਤੇ ਹੋਰ ਵਿਧਾਇਕਾਂ ਵੱਲੋਂ ਰਾਹੁਲ ਗਾਂਧੀ ਨਾਲ ਕਿਹੜੇ ਮਸਲਿਆਂ ‘ਤੇ ਚਰਚਾ ਹੋਈ ਇਸ ਗੱਲ ਦਾ ਪਤਾ ਨਹੀਂ ਲੱਗ ਸਕਿਆ ਪਰ ਸਿਆਸੀ ਹਲਕਿਆਂ ਵਿੱਚ ਚਰਚਾ ਹੈ ਕਿ ਇਨ੍ਹਾਂ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੀ ਕਾਰਗੁਜ਼ਾਰੀ ਨੂੰ ਲੈ ਕੇ ਕੈਪਟਨ ਦੀ ਪਿੱਠ ਥਾਪੜੀ ਹੈ। ਸੁਖਪਾਲ ਖਹਿਰਾ ਵੱਲੋਂ ਰਾਹੁਲ ਗਾਂਧੀ ਨਾਲ ਮੁਲਾਕਾਤ ਕਰਨਾ ਖਾਸ ਮੰਨਿਆ ਜਾ ਰਿਹਾ ਹੈ ਕਿਉਂਕਿ ਇਨ੍ਹਾਂ ਦਿਨਾਂ ‘ਚ ਕਾਂਗਰਸ ਅੰਦਰ ਬਗ਼ਾਵਤ ਦੀ ਅੱਗ ਸੁਲਗ ਰਹੀ ਹੈ ਅਤੇ ਕੈਪਟਨ ਵਿਰੋਧੀ ਧੜਾ ਉਸਨੂੰ ਠਿੱਬੀ ਲਾਉਣ ਦੀ ਤਿਆਰੀ ‘ਚ ਹੈ। ਕਾਂਗਰਸ ਹਾਈ ਕਮਾਂਡ ਨੇ ਪੰਜਾਬ ਕਾਂਗਰਸ ਦੀ ਗੁੱਟਬੰਦੀ ਨੂੰ ਖ਼ਤਮ ਕਰਨ ਲਈ ਮਲਿਕਾ ਅਰਜੁਨ ਖੜਗੇ ਦੀ ਅਗਵਾਈ ਹੇਠ ਤਿੰਨ ਮੈਂਬਰੀ ਕਮੇਟੀ ਗਠਿਤ ਕੀਤੀ ਹੋਈ ਹੈ। ਇਸ ਕਮੇਟੀ ਨੇ ਪੰਜਾਬ ਦੇ ਪੰਜ ਦਰਜਨ ਤੋਂ ਵੱਧ ਵਿਧਾਇਕਾਂ ਅਤੇ ਕਾਂਗਰਸੀ ਆਗੂਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦਾ ਪੱਖ ਸੁਣਿਆ ਹੈ।
ਇਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਨਵਜੋਤ ਸਿੱਧੂ ਵਿਚਕਾਰ ਤਿੱਖੀ ਟਸਲਬਾਜੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਐਨ ਉਸ ਮੌਕੇ ਸੁਖਪਾਲ ਸਿੰਘ ਖਹਿਰਾ ਤੇ ਆਪ ਦੇ ਦੋ ਹੋਰ ਵਿਧਾਇਕਾਂ ਨੂੰ ਕਾਂਗਰਸ ਵਿੱਚ ਸ਼ਾਮਲ ਕੀਤਾ ਜਦੋਂ ਉਨ੍ਹਾਂ ਖ਼ਿਲਾਫ਼ ਕਾਂਗਰਸ ਦੇ ਹੀ ਕੁਝ ਵੱਡੇ ਆਗੂ, ਮੰਤਰੀ ਤੇ ਵਿਧਾਇਕ ਕਾਰਗੁਜ਼ਾਰੀ ਤੇ ਸਵਾਲ ਖੜ੍ਹੇ ਕਰ ਰਹੇ ਸਨ। ਸਿਆਸੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਖਹਿਰਾ ਅਤੇ ਹੋਰ ਵਿਧਾਇਕਾਂ ਦੀ ਪਾਰਟੀ ਚ ਇੰਟਰੀ ਪ੍ਰਿਅੰਕਾ ਗਾਂਧੀ ਨੇ ਕਰਵਾਈ ਸੀ।