The post ਪਾਕਿਸਤਾਨ ਵਿਚ ਅੱਤਵਾਦੀ ਹਾਫਿਜ਼ ਸਈਦ ਦੇ ਘਰ ਨੇੜੇ ਹੋਏ ਧਮਾਕੇ, ਹਮਲਾ ਜਾਂ ਕੁੱਝ ਹੋਰ ? appeared first on TV Punjab | English News Channel.
]]>
ਲਾਹੌਰ : ਪਾਕਿਸਤਾਨ ਦੇ ਲਾਹੌਰ ਵਿਚ ਬੁੱਧਵਾਰ 23 ਜੂਨ ਨੂੰ ਇਕ ਭਿਆਨਕ ਧਮਾਕਾ ਹੋਇਆ। ਇਸ ਧਮਾਕੇ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 16 ਲੋਕ ਜ਼ਖਮੀ ਹੋ ਗਏ। ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਜਿਸ ਜਗ੍ਹਾ ਧਮਾਕਾ ਹੋਇਆ ਸੀ, ਉਹ ਜਗ੍ਹਾ ਭਾਰਤ ਵਿਚ ਲੋੜੀਂਦੇ ਅੱਤਵਾਦੀ ਹਾਫਿਜ਼ ਸਈਦ ਦੇ ਘਰ ਤੋਂ ਤਕਰੀਬਨ 120 ਮੀਟਰ ਦੀ ਦੂਰੀ ‘ਤੇ ਹੈ।
ਇਹ ਧਮਾਕਾ ਜੌਹਰ ਖੇਤਰ ਵਿਚ ਇਕ ਐਕਸਪੋ ਸੈਂਟਰ ਨੇੜੇ ਹੋਇਆ। ਗਵਾਹਾਂ ਨੇ ਕਿਹਾ ਕਿ ਧਮਾਕਾ ਇੰਨਾ ਜ਼ਬਰਦਸਤ ਸੀ ਕਿ ਲਾਗੇ ਦੇ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ। ਮੀਡੀਆ ਰਿਪੋਰਟਾਂ ਵਿਚ ਦੱਸਿਆ ਗਿਆ ਹੈ ਕਿ ਇਸ ਧਮਾਕੇ ਵਿਚ 7 ਵਾਹਨ ਅਤੇ ਤਿੰਨ ਮਕਾਨ ਵੀ ਨੁਕਸਾਨੇ ਗਏ। ਕਈ ਇਮਾਰਤਾਂ ਦੀਆਂ ਖਿੜਕੀਆਂ ਵੀ ਟੁੱਟ ਗਈਆਂ। ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ ਹੈ।
ਧਮਾਕੇ ਤੋਂ ਤੁਰੰਤ ਬਾਅਦ ਹੀ ਪੁਲਿਸ ਅਤੇ ਬੰਬ ਨਿਰੋਧਕ ਟੀਮਾਂ ਮੌਕੇ ‘ਤੇ ਪਹੁੰਚ ਗਈਆਂ। ਰਾਹਤ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ, ਜ਼ਖਮੀਆਂ ਨੂੰ ਨਿੱਜੀ ਕਾਰਾਂ ਅਤੇ ਆਟੋ-ਰਿਕਸ਼ਿਆਂ ਰਾਹੀਂ ਲਾਹੌਰ ਦੇ ਜਿਨਾਹ ਹਸਪਤਾਲ ਲਿਜਾਇਆ ਗਿਆ। ਜਿਨਾਹ ਹਸਪਤਾਲ ਦੇ ਡਾਕਟਰਾਂ ਨੇ ਦੱਸਿਆ ਕਿ ਚਾਰ ਜ਼ਖਮੀਆਂ ਨੂੰ ਮੁੱਢਲੇ ਇਲਾਜ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ। ਲੋਕਾਂ ਨੂੰ ਜ਼ਖਮੀਆਂ ਦੀ ਸਹਾਇਤਾ ਲਈ ਖੂਨਦਾਨ ਕਰਨ ਦੀ ਅਪੀਲ ਕੀਤੀ ਜਾ ਰਹੀ ਹੈ।
ਧਮਾਕੇ ਦਾ ਕਾਰਨ ਹਾਲੇ ਸਪਸ਼ਟ ਨਹੀਂ ਹੋਇਆ ਹੈ। ਇੱਕ ਚਸ਼ਮਦੀਦ ਨੇ ਦੱਸਿਆ ਕਿ ਇੱਕ ਬੰਦਾ ਘਰ ਦੇ ਕੋਲ ਮੋਟਰ ਸਾਈਕਲ ਖੜਾ ਕਰ ਗਿਆ ਸੀ। ਉਸ ਮੋਟਰ ਸਾਈਕਲ ਵਿੱਚ ਹੀ ਫੇਰ ਧਮਾਕਾ ਹੋ ਗਿਆ।ਧਮਾਕੇ ਵਾਲੀ ਥਾਂ ‘ਤੇ ਬਾਲ ਬੈਅਰਿੰਗ ਵੀ ਪਾਈਆਂ ਗਈਆਂ ਹਨ, ਜਿਹੜੀਆਂ ਆਮ ਤੌਰ’ ਤੇ ਬੰਬਾਂ ਵਿਚ ਵਰਤੀਆਂ ਜਾਂਦੀਆਂ ਹਨ। ਹਾਲਾਂਕਿ, ਪੁਲਿਸ ਸਿਲੰਡਰ ਫਟਣ ਦੀ ਸੰਭਾਵਨਾ ਤੋਂ ਇਨਕਾਰ ਨਹੀਂ ਕਰ ਰਹੀ ਹੈ।
ਇਸ ਦੌਰਾਨ ਇਕ ਸੀਸੀਟੀਵੀ ਫੁਟੇਜ ਸਾਹਮਣੇ ਆਇਆ ਹੈ। ਇਸ ਵਿਚ ਸੜਕ ਦੇ ਅੰਦਰੋ ਧਮਾਕਾ ਦੇਖਣ ਨੂੰ ਮਿਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੜਕ ਦੇ ਹੇਠਾਂ ਗੈਸ ਪਾਈਪ ਲਾਈਨ ਹੈ। ਹਾਲਾਂਕਿ, ਅਜੇ ਇਸ ਗੱਲ ਦੀ ਪੁਸ਼ਟੀ ਨਹੀਂ ਹੋਈ ਹੈ ਕਿ ਪਾਈਪ ਲਾਈਨ ਵਿੱਚ ਕੋਈ ਧਮਾਕਾ ਹੋਇਆ ਹੈ ਜਾਂ ਕਿਸੇ ਬੰਬ ਦੀ ਵਰਤੋਂ ਕੀਤੀ ਗਈ ਹੈ। ਪੂਰੇ ਖੇਤਰ ਨੂੰ ਘੇਰ ਕੇ ਜਾਂਚ ਕੀਤੀ ਜਾ ਰਹੀ ਹੈ।
ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਉਸਮਾਨ ਬੁਜ਼ਦਾਰ ਨੇ ਧਮਾਕੇ ਸਬੰਧੀ ਪੁਲਿਸ ਤੋਂ ਰਿਪੋਰਟ ਮੰਗੀ ਹੈ। ਪੰਜਾਬ ਸਰਕਾਰ ਨੇ ਟਵਿੱਟਰ ‘ਤੇ ਐਲਾਨ ਕੀਤਾ ਕਿ ਮੁੱਖ ਮੰਤਰੀ ਨੇ ਇਸ ਘਟਨਾ ਦੀ ਤੁਰੰਤ ਜਾਂਚ ਦੇ ਆਦੇਸ਼ ਦਿੱਤੇ ਹਨ। ਜ਼ਖਮੀਆਂ ਦੇ ਇਲਾਜ ਲਈ ਜਿਨਾਹ ਹਸਪਤਾਲ ਵਿਖੇ ਐਮਰਜੈਂਸੀ ਘੋਸ਼ਿਤ ਕਰ ਦਿੱਤੀ ਗਈ ਹੈ। ਬਚਾਅ ਕਾਰਜ ਨੂੰ ਵੀ ਤੇਜ਼ ਕਰਨ ਲਈ ਕਿਹਾ ਗਿਆ ਹੈ।
ਕੌਣ ਹੈ ਹਾਫਿਜ਼ ਸਈਦ
ਅੱਤਵਾਦੀ ਸੰਗਠਨ ਲਸ਼ਕਰ-ਏ-ਤੋਇਬਾ ਦਾ ਸੰਸਥਾਪਕ ਹੈ ਅਤੇ ਮੁੰਬਈ ਵਿਚ 26/11 ਦੇ ਹਮਲਿਆਂ ਦਾ ਮਾਸਟਰਮਾਈਂਡ ਸੀ। ਸੰਯੁਕਤ ਰਾਸ਼ਟਰ ਨੇ ਹਾਫਿਜ਼ ਸਈਦ ਨੂੰ ਗਲੋਬਲ ਅੱਤਵਾਦੀ ਕਰਾਰ ਦਿੰਦਿਆਂ ਸਖਤ ਪਾਬੰਦੀਆਂ ਲਗਾਈਆਂ ਹਨ। ਪਾਕਿਸਤਾਨ ਨੇ ਹਾਫਿਜ਼ ਨੂੰ ਜੁਲਾਈ -2017 ਵਿਚ ਗ੍ਰਿਫਤਾਰ ਕੀਤਾ ਸੀ। ਇਸ ਤੋਂ ਬਾਅਦ ਫਰਵਰੀ -2020 ਵਿਚ ਉਸ ਨੂੰ ਅੱਤਵਾਦੀ ਫੰਡਿੰਗ ਮਾਮਲੇ ਵਿਚ ਦਸ ਸਾਲ, ਛੇ ਮਹੀਨੇ ਦੀ ਸਜ਼ਾ ਸੁਣਾਈ ਗਈ। ਇਸ ਤੋਂ ਬਾਅਦ ਹਾਫਿਜ਼ ਨੂੰ ਅੱਤਵਾਦੀ ਫੰਡਿੰਗ ਦੇ ਦੋ ਹੋਰ ਮਾਮਲਿਆਂ ਵਿੱਚ ਦੋਸ਼ੀ ਪਾਇਆ ਗਿਆ। ਪਾਕਿਸਤਾਨ ਦੀ ਅੱਤਵਾਦ ਰੋਕੂ ਅਦਾਲਤ ਨੇ ਨਵੰਬਰ ਵਿਚ ਹੀ ਉਸ ਨੂੰ ਦਸ ਸਾਲ ਕੈਦ ਦੀ ਸਜਾ ਸੁਣਾਈ ਸੀ।
ਹਾਫਿਜ਼ ਸਈਦ ਜਮਾਤ-ਉਦ-ਦਾਵਾ ਦਾ ਮੁਖੀ ਵੀ ਹੈ। ਇਹ ਲਸ਼ਕਰ ਦਾ ਇਕਲੌਤਾ ਮਾਸਕ ਸੰਗਠਨ ਹੈ। ਜਮਾਤ-ਉਦ-ਦਾਵਾ ਸਮਾਜ ਸੇਵਾ ਦੇ ਕੰਮ ਕਰਨ ਦਾ ਦਾਅਵਾ ਕਰਦਾ ਹੈ। ਸਈਦ ਦਾ ਸੰਗਠਨ 300 ਤੋਂ ਵੱਧ ਮਦਰਸੇ ਅਤੇ ਸਕੂਲ ਚਲਾਉਂਦਾ ਹੈ। ਜਮਾਤ-ਉਦ-ਦਾਵਾ ਦੇ ਕਈ ਹਸਪਤਾਲ, ਇਕ ਪਬਲਿਸ਼ਿੰਗ ਹਾਊਸ ਅਤੇ ਇਕ ਐਂਬੂਲੈਂਸ ਸੇਵਾ ਹੈ। ਇਸ ਵਿੱਚ ਲਗਭਗ 50,000 ਵਾਲੰਟੀਅਰ ਅਤੇ ਸੈਂਕੜੇ ਤਨਖਾਹਦਾਰ ਕਰਮਚਾਰੀ ਹਨ। ਜਮਾਤ-ਉਦ-ਦਾਵਾ ਆਪਣੀਆਂ ਗਤੀਵਿਧੀਆਂ ਨੂੰ ਪੂਰਾ ਕਰਨ ਲਈ ਫਲਾਹ-ਏ-ਇਨਸਾਨੀਅਤ ਨਾਮ ਦੀ ਸੰਸਥਾ ਦੁਆਰਾ ਫੰਡ ਇਕੱਠੇ ਕਰਦਾ ਹੈ। ਹਾਫਿਜ਼ ਸਈਦ ਦੀਆਂ ਇਨ੍ਹਾਂ ਸੰਸਥਾਵਾਂ ਦਾ ਪੂਰੇ ਪਾਕਿਸਤਾਨ ਵਿਚ ਜ਼ਬਰਦਸਤ ਨੈੱਟਵਰਕ ਹੈ। ਜਮਾਤ ਅਤੇ ਲਸ਼ਕਰ ‘ਤੇ ਸਾਲ 2008 ਵਿਚ ਸੰਯੁਕਤ ਰਾਸ਼ਟਰ ਦੁਆਰਾ ਪਾਬੰਦੀ ਲਗਾਈ ਗਈ ਸੀ। ਅਮਰੀਕਾ ਨੇ ਜੂਨ 2014 ਵਿੱਚ ਜਮਾਤ ਨੂੰ ਅੱਤਵਾਦੀ ਸੰਗਠਨ ਘੋਸ਼ਿਤ ਕੀਤਾ ਸੀ।
The post ਪਾਕਿਸਤਾਨ ਵਿਚ ਅੱਤਵਾਦੀ ਹਾਫਿਜ਼ ਸਈਦ ਦੇ ਘਰ ਨੇੜੇ ਹੋਏ ਧਮਾਕੇ, ਹਮਲਾ ਜਾਂ ਕੁੱਝ ਹੋਰ ? appeared first on TV Punjab | English News Channel.
]]>