ਕਾਬੁਲ- ਅਫ਼ਗਾਨਿਸਤਾਨ ਵਿੱਚ ਤਾਲਿਬਾਨ ਵੱਲੋਂ ਭਿਆਨਕ ਵਾਰਦਾਤ ਨੂੰ ਅੰਜਾਮ ਦਿੱਤੇ ਜਾਣ ਦੀ ਖਬਰ ਹੈ । ਜਾਣਕਾਰੀ ਮੁਤਾਬਕ ਤਾਲਿਬਾਨ ਦੇ ਲੜਾਕਿਆਂ ਨੇ ਸਪਿਨ ਬੋਲਡਕ ਇਲਾਕੇ ਵਿਚ ਭਿਆਨਕ ਹਮਲੇ ਕੀਤੇ ਹਨ। ਇਸ ਦੌਰਾਨ ਹੀ ਤਾਲਿਬਾਨ ਦੇ ਅੱਤਵਾਦੀਆਂ ਨੇ 100 ਅਫਗਾਨ ਨਾਗਰਿਕਾਂ ਦਾ ਕਤਲ ਕਰ ਦਿੱਤਾ। ਇਸ ਤੋਂ ਬਾਅਦ ਮਾਰੇ ਗਏ 100 ਲੋਕਾਂ ਦੀ ਲਾਸ਼ਾਂ ਮੈਦਾਨ ਵਿਚ ਸਾੜ ਦਿੱਤੀਆਂ ਗਈਆਂ।
ਗੌਰਤਲਬ ਹੈ ਕਿ ਤਾਲਿਬਾਨੀ ਲੜਾਕੇ ਅਫਗਾਨਿਸਤਾਨ ਦੇ ਕਰੀਬ 90 ਫੀਸਦੀ ਇਲਾਕਿਆਂ ‘ਤੇ ਕਬਜ਼ਾ ਕਰ ਚੁੱਕੇ ਹਨ। ਕਬਜਾ ਕਰਨ ਮਗਰੋਂ ਇਹਨਾਂ ਲੋਕਾਂ ਦੇ ਘਰਾਂ ਵਿਚ ਲੁੱਟ-ਖੋਹ ਕੀਤੀ ਅਤੇ ਜਸ਼ਨ ਮਨਾਇਆ।
ਦੇਸ਼ ਦੇ ਅੰਦਰੂਨੀ ਮੰਤਰਾਲੇ ਨੇ ਜਾਣਕਾਰੀ ਦਿੱਤੀ ਹੈ ਕਿ ਤਾਲਿਬਾਨ ਨੇ ਸਪਿਨ ਬੋਲਡਕ ਇਲਾਕੇ ਵਿਚ ਹਮਲਾ ਕੀਤਾ ਹੈ।ਸਪਿਨ ਬੋਲਡਕ ਇਕ ਸਰਹੱਦੀ ਸ਼ਹਿਰ ਹੈ ਜਿਸ ਦੀ ਸਰਹੱਦ ਪਾਕਿਸਤਾਨ ਨਾਲ ਲੱਗਦੀ ਹੈ। ਇਹ ਕੰਧਾਰ ਦੀਆਂ ਪ੍ਰਮੁੱਖ ਰਣਨੀਤਕ ਥਾਵਾਂ ਵਿਚੋਂ ਇਕ ਹੈ। ਹਾਲ ਹੀ ਵਿਚ ਤਾਲਿਬਾਨ ਨੇ ਇਸ ਜਗ੍ਹਾ ‘ਤੇ ਕਬਜ਼ਾ ਕਰ ਲਿਆ ਸੀ। ਬਾਰਡਰ ਕ੍ਰਾਸਿੰਗ ‘ਤੇ ਤਾਲਿਬਾਨ ਦੇ ਕਬਜ਼ੇ ਤੋਂ ਬਾਅਦ ਇਸ ਜਗ੍ਹਾ ਨੂੰ ਵਾਪਸ ਪਾਉਣ ਲਈ ਅਫਗਾਨ ਸੁਰੱਖਿਆ ਬਲ ਲੜਾਈ ਲੜ ਰਹੇ ਸਨ।
ਤਾਲਿਬਾਨ ਨੇ ਕਬਜ਼ਾ ਕਰਨ ਮਗਰੋਂ ਨਾਗਰਿਕਾਂ ਦੇ ਘਰਾਂ ਵਿਚ ਲੁੱਟ-ਖੋਹ ਕੀਤੀ ਅਤੇ ਆਪਣੇ ਝੰਡੇ ਲਹਿਰਾਏ। ਫਰਾਂਸ 24 ਵੱਲੋਂ ਜਾਰੀ ਕੀਤੇ ਗਏ ਵੀਡੀਓ ਫੁਟੇਜ ਵਿਚ ਤਾਲਿਬਾਨ ਦੇ ਕਈ ਮੈਂਬਰਾਂ ਨੂੰ ਸ਼ਹਿਰ ਵਿਚ ਭੰਨ-ਤੋੜ ਕਰਦੇ, ਘਰਾਂ ਨੂੰ ਲੁੱਟਦੇ ਅਤੇ ਸਰਕਾਰੀ ਅਧਿਕਾਰੀਆਂ ਦੀਆਂ ਗੱਡੀਆਂ ਨੂੰ ਜ਼ਬਤ ਕਰਦਿਆਂ ਦੇਖਿਆ ਗਿਆ, ਜੋ ਇਲਾਕਾ ਛੱਡ ਕੇ ਭੱਜ ਗਏ ਸਨ।