ਮੁੱਖ ਮੰਤਰੀ ਵੱਲੋਂ ਸਾਬਕਾ ਸੰਸਦ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ

FacebookTwitterWhatsAppCopy Link

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੀਰਵਾਰ ਨੂੰ ਸਾਬਕਾ ਰਾਜ ਸਭਾ ਮੈਂਬਰ ਅਤੇ ਸੀਨੀਅਰ ਪੱਤਰਕਾਰ ਚੰਦਨ ਮਿੱਤਰਾ ਦੀ ਮੌਤ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ, ਜੋ ਬੀਤੀ ਦੇਰ ਰਾਤ ਸੰਖੇਪ ਬੀਮਾਰੀ ਪਿੱਛੋਂ ਨਵੀਂ ਦਿੱਲੀ ਵਿਖੇ ਅਕਾਲ ਚਲਾਣਾ ਕਰ ਗਏ ਸਨ।

ਉਹ 65 ਵਰਿਆਂ ਦੇ ਸਨ ਅਤੇ ਆਪਣੇ ਪਿੱਛੇ ਪਤਨੀ ਤੇ ਦੋ ਪੁੱਤਰ ਛੱਡ ਗਏ ਹਨ। ਆਪਣੇ ਟਵੀਟ ਵਿਚ ਮੁੱਖ ਮੰਤਰੀ ਨੇ ਕਿਹਾ,‘‘ਸੀਨੀਅਰ ਪੱਤਰਕਾਰ ਅਤੇ ਸਾਬਕਾ ਰਾਜ ਸਭਾ ਸੰਸਦ ਮੈਂਬਰ ਚੰਦਨ ਮਿੱਤਰਾ ਦੇ ਦਿਹਾਂਤ ਬਾਰੇ ਜਾਣ ਕੇ ਦੁੱਖ ਹੋਇਆ।

ਮੈਂ ਉਨਾਂ ਨਾਲ ਆਪਣੀ ਪੁਰਾਣੀ ਸਾਂਝ ਨੂੰ ਯਾਦ ਕਰਦਾ ਹਾਂ। ਰੱਬ ਉਨ੍ਹਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਅਤੇ ਵਿਛੜੀ ਰੂਹ ਨੂੰ ਸਦੀਵੀ ਸ਼ਾਂਤੀ ਬਖਸ਼ੇ।’’

ਜ਼ਿਕਰਯੋਗ ਹੈ ਕਿ ਮਿੱਤਰਾ ਨੇ ‘ਦ ਸਟੇਟਸਮੈਨ’, ‘ਦ ਟਾਈਮਜ਼ ਆਫ ਇੰਡੀਆ’, ‘ਦ ਸੰਡੇ ਆਬਜ਼ਰਵਰ’, ‘ਹਿੰਦੁਸਤਾਨ ਟਾਈਮਜ਼’ ਅਤੇ ‘ਦ ਪਾਇਨੀਅਰ’ ਵਿਚ ਕੰਮ ਕੀਤਾ ਅਤੇ ਬਾਅਦ ਵਿਚ ਪਾਇਨੀਅਰ ਅਖਬਾਰ ਦੇ ਸੰਪਾਦਕ ਅਤੇ ਐਮ.ਡੀ. ਬਣੇ।

ਟੀਵੀ ਪੰਜਾਬ ਬਿਊਰੋ