ਭਾਰਤੀ ਪੁਰਸ਼ ਹਾਕੀ ਟੀਮ ਨੇ ਅਰਜਨਟੀਨਾ ਨੂੰ ਹਰਾ ਕੁਆਟਰ ਫਾਈਨਲ ‘ਚ ਕੀਤਾ ਪ੍ਰਵੇਸ਼

FacebookTwitterWhatsAppCopy Link

ਟੋਕੀਓ : ਭਾਰਤੀ ਪੁਰਸ਼ ਹਾਕੀ ਟੀਮ ਨੇ ਅਰਜਨਟੀਨਾ ਨੂੰ ਹਰਾ ਕੇ ਕੁਆਟਰ ਫਾਈਨਲ ’ਚ ਥਾਂ ਬਣਾ ਲਈ ਹੈ। ਆਖ਼ਰੀ 3 ਮਿੰਟ ਵਿਚ 2 ਗੋਲ ਕਰਨ ਵਾਲੀ ਭਾਰਤੀ ਟੀਮ ਨੇ ਰਿਓ ਉਲੰਪਿਕ ਸੋਨ ਤਮਗਾ ਜੇਤੂ ਅਰਜਨਟੀਨਾ ਨੂੰ 3-1 ਨਾਲ ਹਰਾ ਕੇ ਟੋਕੀਓ ਉਲੰਪਿਕ ਦੇ ਪੁਰਸ਼ ਹਾਕੀ ਮੁਕਾਬਲੇ ਦੇ ਕੁਆਰਟਰ ਫਾਈਨਲ ਵਿਚ ਪ੍ਰਵੇਸ਼ ਕਰ ਲਿਆ ਹੈ।

ਪਿਛਲੇ ਮੈਚ ਵਿਚ ਸਪੇਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਲਗਾਤਾਰ ਚੰਗਾ ਪ੍ਰਦਰਸ਼ਨ ਜਾਰੀ ਰੱਖਦੇ ਹੋਏ ਇਹ ਮਹੱਤਵਪੂਰਨ ਮੁਕਾਬਲਾ ਜਿੱਤਿਆ। ਆਪਣਾ ਪਹਿਲਾ ਉਲੰਪਿਕ ਖੇਡ ਰਹੀ ਭਾਰਤ ਦੀ ‘ਯੁਵਾ ਬ੍ਰਿਗੇਡ’ ਨੇ ਇਸ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ ਅਤੇ ਭਾਰਤ ਨੂੰ ਹਾਕੀ ਵਿਚ 4 ਦਹਾਕੇ ਬਾਅਦ ਉਲੰਪਿਕ ਮੈਡਲ ਜਿੱਤਣ ਦੇ ਹੋਰ ਨੇੜੇ ਪਹੁੰਚਾ ਦਿੱਤਾ।

ਭਾਰਤ ਲਈ ਵਰੁਣ ਕੁਮਾਰ ਨੇ 43ਵੇਂ, ਵਿਵੇਕ ਸਾਗਰ ਪ੍ਰਸਾਦ ਨੇ 58ਵੇਂ ਅਤੇ ਹਰਮਨਪ੍ਰੀਤ ਸਿੰਘ ਨੇ 59ਵੇਂ ਮਿੰਟ ਵਿਚ ਗੋਲ ਕੀਤੇ। ਅਰਜਨਟੀਨਾ ਨੇ 48ਵੇਂ ਮਿੰਟ ਵਿਚ ਮਾਈਕੋ ਕੇਸੇਲਾ ਦੇ ਗੋਲ ਦੇ ਦਮ ’ਤੇ ਬਰਾਬਰੀ ਕੀਤੀ ਅਤੇ 58ਵੇਂ ਮਿੰਟ ਤੱਕ ਸਕੋਰ ਬਰਾਬਰ ਸੀ। ਇਸ ਦੇ ਬਾਅਦ ਭਾਰਤ ਨੇ 3 ਮਿੰਟ ਦੇ ਅੰਤਰਾਲ ਵਿਚ 2 ਗੋਲ ਕਰਕੇ ਸਾਬਿਤ ਕਰ ਦਿੱਤਾ ਕਿ ਇਹ ਟੀਮ ਅਹਿਮ ਮੌਕਿਆਂ ’ਤੇ ਦਬਾਅ ਦੇ ਅੱਗੇ ਗੋਡੇ ਟੇਕਣ ਵਾਲੀ ਨਹੀਂ ਹੈ।

ਭਾਰਤ ਪੂਲ ਏ ਵਿਚ ਆਸਟ੍ਰੇਲੀਆ ਦੇ ਬਾਅਦ ਦੂਜੇ ਸਥਾਨ ’ਤੇ ਚੱਲ ਰਿਹਾ ਹੈ। ਭਾਰਤ ਹੁਣ 30 ਜੁਲਾਈ ਨੂੰ ਆਖ਼ਰੀ ਪੂਲ ਮੈਚ ਵਿਚ ਮੇਜ਼ਬਾਨ ਜਾਪਾਨ ਨਾਲ ਖੇਡੇਗਾ । ਨਿਊਜ਼ੀਲੈਂਡ ਖ਼ਿਲਾਫ਼ 3-2 ਦੀ ਸੰਘਰਸ਼ਪੂਰਨ ਜਿੱਤ ਦੇ ਬਾਅਦ ਭਾਰਤੀਆਂ ਨੂੰ ਆਸਟ੍ਰੇਲੀਆ ਦੇ ਹੱਥੋਂ 7-1 ਦੀ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਮਨਪ੍ਰੀਤ ਸਿੰਘ ਦੀ ਟੀਮ ਹਾਲਾਂਕਿ ਸਪੇਨ ਵਿਚ 3-0 ਦੀ ਜਿੱਤ ਨਾਲ ਵਾਪਸੀ ਕਰਨ ਵਿਚ ਸਫ਼ਲ ਰਹੀ।

ਟੀਵੀ ਪੰਜਾਬ ਬਿਊਰੋ