ਨਵੀਂ ਦਿੱਲੀ: ਜੇ ਤੁਸੀਂ ਸੈਕੰਡ ਹੈਂਡ ਭਾਵ ਪਹਿਲਾਂ ਕਿਸੇ ਦੀ ਵਰਤੀ ਹੋਈ ਕਾਰ ਲੈਣੀ ਚਾਹੁੰਦੇ ਹੋ, ਤਾਂ ਤੁਹਾਨੂੰ ਕੁਝ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਕਾਰ ਕਦੇ ਵੀ ਆਨਲਾਈਨ ਬਿਨਾ ਚੰਗੀ ਤਰ੍ਹਾਂ ਪਰਖਿਆਂ ਨਾ ਖ਼ਰੀਦੋ। ਕਈ ਵਾਰ ਆਨਲਾਈਨ ਫ਼ੋਟੋ ਕੋਈ ਹੋਰ ਪਾਈ ਹੁੰਦੀ ਹੈ ਪਰ ਅਸਲ ਵਿੱਚ ਕਾਰ ਕੋਈ ਹੋਰ ਦੇ ਦਿੱਤੀ ਜਾਂਦੀ ਹੈ।
ਕਈ ਵਾਰ ਪੁਰਾਣੀ ਕਾਰ ਪਹਿਲਾਂ ਕਦੇ ਹਾਦਸਾਗ੍ਰਸਤ ਹੋਈ ਹੁੰਦੀ ਹੈ ਪਰ ਉਸ ਨੂੰ ਵੇਚਣ ਵਾਲਾ ਕਦੇ ਖ਼ਰੀਦਦਾਰ ਨੂੰ ਦੱਸਦਾ ਨਹੀਂ। ਉਸ ਕਾਰ ਉੱਤੇ ਨਵਾਂ ਪੇਂਟ ਕਰ ਕੇ ਤੇ ਬਾਹਰੋਂ ਦਿਸਣ ਵਾਲੀਆਂ ਚੀਜ਼ਾਂ ਬਦਲ ਕੇ ਉਸ ਨੂੰ ਵੇਚ ਦਿੱਤਾ ਜਾਂਦਾ ਹੈ। ਮਾਹਿਰਾਂ ਅਨੁਸਾਰ ਕਾਰ ਪਹਿਲਾਂ ਹਾਦਸਾਗ੍ਰਸਤ ਹੋ ਚੁੱਕੀ ਹੈ ਜਾਂ ਨਹੀਂ ਇਸ ਦਾ ਪਤਾ ਪਤਾ ਕਾਰ ਦੀ ਚੇਸਿਸ, ਡੂਮ ਤੇ ਪਿੱਲਰ ਵੇਖ ਕੇ ਲਾਇਆ ਜਾ ਸਕਦਾ ਹੈ। ਕਾਰ ਵਿੱਚ ਕਿਤੇ ਕੋਈ ਪਲੇਅ ਜਾਂ ਬੈਂਡ ਨੂੰ ਧਿਆਨ ਨਾਲ ਪਰਖਣ ਦੀ ਜ਼ਰੂਰਤ ਹੁੰਦੀ ਹੈ।
ਕਾਰ ਦਾ ਦਰਵਾਜ਼ਾ ਖੋਲ੍ਹੋ। ਉੱਥੇ ਪਿਲਰਜ਼ ਉੱਤੇ ਲੱਗੀ ਰਬੜ ਹਟਾ ਕੇ ਚੈੱਕ ਕਰੋ। ਜੇ ਤੁਹਾਨੂੰ ਉੱਥੇ ਬਹੁਤ ਸਾਰੇ ਧੱਬੇ ਦਿਸਣ ਜਾਂ ਕੋਈ ਤਰੇੜ ਜਾਂ ਜੋੜ ਲੱਗਿਆ ਦਿਸੇ, ਤਾਂ ਉਹ ਗੱਡੀ ਯਕੀਨੀ ਤੌਰ ਉੱਤੇ ਹਾਦਸਾਗ੍ਰਸਤ ਹੈ।
ਕਾਰ ਦਾ ਬੋਨਟ ਖੋਲ੍ਹੋ। ਇੰਜਣ ਦੇ ਪਿੱਛੇ ਜਿੱਥੇ ਸਸਪੈਂਸ਼ਨ ਹੁੰਦੀ ਹੈ, ਉੱਥੇ ਡੂਮ ਹੋਵੇਗਾ। ਇਸ ਡੂਮ ਉੱਤੇ ਹੀ ਸਾਰੀ ਸਸਪੈਂਸ਼ਨ ਟਿਕੀ ਹੁੰਦੀ ਹੈ। ਜੇ ਉਹ ਹਿੱਸਾ ਨੁਕਸਾਨਿਆ ਹੋਇਆ ਹੈ, ਤਾਂ ਸਮਝੋ ਕਾਰ ਹਾਦਸਾਗ੍ਰਸਤ ਹੈ। ਇਸ ਉੱਤੇ ਕੰਪਨੀ ਦੀ ਪੇਸਟਿੰਗ ਹੁੰਦੀ ਹੈ, ਜੋ ਹਾਦਸੇ ਤੋਂ ਬਾਅਦ ਨਿਕਲ ਜਾਂਦੀ ਹੈ। ਉਸ ਨੂੰ ਦੋਬਾਰਾ ਨਹੀਂ ਲਾਇਆ ਜਾ ਸਕਦਾ।
ਕਾਰ ਇੱਕ ਥਾਂ ਖੜ੍ਹੀ ਕਰ ਦੇਵੋ। ਫਿਰ ਥੋੜ੍ਹਾ ਦੂਰ ਖੜ੍ਹੇ ਹੋ ਕੇ ਅੱਗਿਓਂ ਅਤੇ ਪਿੱਛਿਓਂ ਵੇਖੋ। ਜੇ ਉਸ ਦੇ ਆਕਾਰ ਵਿੱਚ ਕੁਝ ਟੇਢਾਪਣ ਜਾਂ ਕੁਝ ਫ਼ਰਕ ਦਿਸੇ, ਤਾਂ ਸਮਝੋ ਕਾਰ ਪਹਿਲਾਂ ਕਦੇ ਹਾਦਸਾਗ੍ਰਸਤ ਹੋ ਚੁੱਕੀ ਹੈ। ਹੈਚਬੈਕ ਕਾਰ 6 ਤੋਂ 7 ਫ਼ੁੱਟ ਤੇ SUV ਕਾਰ ਨੂੰ 9 ਤੋਂ 10 ਫ਼ੁੱਟ ਦੀ ਦੂਰੀ ਤੋਂ ਵੇਖਿਆ ਜਾ ਸਕਦਾ ਹੈ।
ਜੇ ਕਾਰ ਦਾ ਕੋਈ ਹਿੱਸਾ ਝੁਕਿਆ ਜਾਂ ਉੱਠਿਆ ਹੋਇਆ ਦਿਸੇ, ਤਦ ਵੀ ਕਾਰ ਦੇ ਪਹਿਲਾਂ ਹਾਦਸਾਗ੍ਰਸਤ ਹੋਣ ਦਾ ਅਨੁਮਾਨ ਲਾਇਆ ਜਾ ਸਕਦਾ ਹੈ। ਜਿੱਥੇ ਵੀ ਸ਼ੱਕ ਹੋਵੇ, ਉੱਥੋਂ ਦੀ ਰਬੜ ਖੋਲ੍ਹ ਕੇ ਪਿਲਰਜ਼ ਦੀ ਪੇਸਟਿੰਗ ਜ਼ਰੂਰ ਚੈੱਕ ਕਰ ਲਵੋ ਕਿਉਂਕਿ ਹਾਦਸਾਗ੍ਰਸਤ ਕਾਰ ਦੀ ਪੇਸਟਿੰਗ ਜ਼ਰੂਰ ਵਿਗੜ ਜਾਂਦੀ ਹੈ।