ਭਗਤਾ ਭਾਈਕਾ- ਭਗਤਾ ਭਾਈਕਾ ਨੇੜੇ ਲੰਘਦੇ ਰਜਵਾਹੇ ਵਿੱਚ ਸੋਮਵਾਰ ਸ਼ਾਮ ਨੂੰ ਨਹਾਉਣ ਲਈ ਗਏ ਤਿੰਨ ਨੌਜਵਾਨਾਂ ਦੀ ਡੁੱਬਣ ਕਾਰਨ ਮੌਤ ਹੋ ਗਈ।
ਜਾਣਕਾਰੀ ਮੁਤਾਬਕ ਜ਼ਿਆਦਾ ਗਰਮੀ ਹੋਣ ਕਾਰਨ ਭਗਤਾ ਭਾਈਕਾ ਦੇ ਕੁਝ ਨੌਜਵਾਨ ਰਜਵਾਹੇ ਵਿੱਚ ਨਹਾਉਣ ਲਈ ਗਏ ਸਨ। ਇਸ ਦੌਰਾਨ ਹੀ ਤਿੰਨ ਨੌਜਵਾਨ ਪਾਣੀ ਦੇ ਤੇਜ ਵਹਾਅ ਵਿੱਚ ਰੁੜ੍ਹ ਗਏ ਅਤੇ ਡੁੱਬਣ ਕਾਰਨ ਉਨ੍ਹਾਂ ਦੀ ਮੌਤ ਹੋ ਗਈ। ਜਦੋਂ ਉਕਤ ਨੌਜਵਾਨ ਪਾਣੀ ਵਿੱਚ ਡੁੱਬ ਰਹੇ ਸਨ ਤਾਂ ਉਨ੍ਹਾਂ ਦੇ ਸਾਥੀਆਂ ਨੇ ਰੌਲਾ ਪਾਇਆ ਲੋਕਾਂ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਤਿੰਨਾਂ ਦੀ ਮੌਤ ਹੋ ਗਈ।
ਉਨ੍ਹਾਂ ਦੀਆਂ ਲਾਸ਼ਾਂ ਨੂੰ ਰਜਬਾਹੇ ਚੋਂ ਕੱਢ ਕੇ ਪੋਸਟਮਾਰਟਮ ਲਈ ਸਿਵਲ ਹਸਪਤਾਲ ਭਗਤਾ ਭਾਈਕਾ ਪਹੁੰਚਾਇਆ ਗਿਆ ਹੈ। ਮ੍ਰਿਤਕਾਂ ਦੀ ਪਛਾਣ ਨਵਦੀਪ ਸਿੰਘ ਪੁੱਤਰ ਮਨਜੀਤ ਸਿੰਘ, ਵਿਵੇਕ ਪੁੱਤਰ ਸੰਤ ਬਹਾਦਰ ਅਤੇ ਪਵਿੱਤਰ ਸਿੰਘ ਪੁੱਤਰ ਯਾਦਵਿੰਦਰ ਸਿੰਘ ਵਜੋਂ ਹੋਈ ਹੈ। ਤਿੰਨਾਂ ਨੌਜਵਾਨਾਂ ਦੀ ਉਮਰ ਵੀਹ ਸਾਲ ਤੋਂ ਘੱਟ ਸੀ।
ਸਥਾਨਕ ਲੋਕਾਂ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨਾਂ ਨੌਜਵਾਨਾਂ ਨੂੰ ਤੈਰਨਾ ਨਹੀਂ ਆਉਂਦਾ ਸੀ। ਇਸ ਲਈ ਉਹ ਭਗਤਾ ਨੇੜੇ ਰੌਂਤਾ ਰਜਵਾਹੇ ਵਿੱਚ ਰੱਸਾ ਬੰਨ੍ਹ ਕੇ ਨਹਾ ਰਹੇ ਸਨ। ਪਾਣੀ ਦੇ ਤੇਜ਼ ਵਹਾਅ ਨਾਲ ਅਚਾਨਕ ਰੱਸਾ ਟੁੱਟ ਗਿਆ ਜਿਸ ਕਾਰਨ ਤਿੰਨੇ ਨੌਜਵਾਨ ਪਾਣੀ ਵਿਚ ਰੁੜ੍ਹ ਗਏ। ਇਨ੍ਹਾਂ ਨੌਜਵਾਨਾਂ ਦੇ ਮੌਤ ਕਾਰਨ ਸਮੁੱਚੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਗਈ ਹੈ। ਮ੍ਰਿਤਕ ਨੌਜਵਾਨ ਵਿਵੇਕ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ। ਉਸ ਦੀ ਮੌਤ ਨਾਲ ਘਰ ਦਾ ਇਕੋ ਇਕ ਚਿਰਾਗ ਵੀ ਬੁਝ ਗਿਆ।
ਟੀਵੀ ਪੰਜਾਬ ਬਿਊਰੋ